ਸਰਹਾਲੀ ਕਲਾਂ, 22 ਨਵੰਬਰ (ਅਜੇ ਸਿੰਘ ਹੁੰਦਲ)-ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦਲ ਬਾਬਾ ਰਾਮ ਸਿੰਘ ਜਥੇਬੰਦੀ ਅਤੇ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦੇ ਪ੍ਰਬੰਧ ਅਧੀਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰੇ ਸਾਹਿਬਾਨ ਦੀ ਅਗਵਾਈ ਵਿਚ ਗੁਰਦੁਆਰਾ ਗੁਰਪੁਰੀ ਸਾਹਿਬ ਸੁਹਾਵਾ ਤੋਂ ਸ੍ਰੀ ਅਨੰਦਪੁਰ ਸਾਹਿਬ ਤੱਕ ਨਗਰ ਕੀਰਤਨ ਸਜਾਇਆ ਗਿਆ | ਸ਼ੁੱਕਰਵਾਰ ਸਵੇਰੇ 10 ਵਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਹਜ਼ੂਰ ਅਰਦਾਸ ਕਰਕੇ ਸੰਤ ਬਾਬਾ ਸੁੱਖਾ ਸਿੰਘ ਅਤੇ ਬਾਬਾ ਹਾਕਮ ਸਿੰਘ ਵਲੋਂ ਸੰਗਤਾਂ ਦੇ ਵਿਸ਼ਾਲ ਇਕੱਠ ਵਿਚ ਜੈਕਾਰਿਆਂ ਦੀ ਗੂੰਜ ਵਿਚ ਨਗਰ ਦੀ ਰਵਾਨਗੀ ਹੋਈ, ਸੁਹਾਵਾ, ਤਰਨ ਤਾਰਨ, ਫਤਿਹਾਬਾਦ, ਸ੍ਰੀ ਗੋਇੰਦਵਾਲ ਸਾਹਿਬ, ਮੁੰਡੀ ਮੋੜ, ਕਪੂਰਥਲਾ, ਜਲੰਧਰ, ਫਗਵਾੜਾ, ਬੰਗਾ ਗੜਸ਼ੰਕਰ, ਨੂਰਪੁਰ ਬੇਦੀ, ਅਗੰਮਪੁਰ ਤੋਂ ਹੁੰਦਾ ਹੋਇਆ ਅੱਜ ਗੁਰਦੁਆਰਾ ਸੀਸ ਗੰਜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖ਼ੇ ਸੰਪੂਰਨ ਹੋਵੇਗਾ | ਰਸਤੇ ਵਿਚ ਵੱਖ ਵੱਖ ਨਗਰਾਂ ਦੀ ਸੰਗਤ ਵਲੋਂ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ ਅਤੇ ਲੰਗਰਾਂ ਨਾਲ ਸੇਵਾ ਕੀਤੀ ਗਈ | ਸੰਤ ਬਾਬਾ ਸੁੱਖਾ ਸਿੰਘ ਨੇ ਨਗਰ ਕੀਰਤਨ ਦੌਰਾਨ ਇਲਾਹੀ ਬਾਣੀ ਦਾ ਕੀਰਤਨ ਕੀਤਾ | 200 ਤੋਂ ਵੱਧ ਵਹੀਕਲਾਂ ਦੇ ਲੰਮੇ ਕਾਫਲੇ ਵਿਚ ਵੱਖ- ਵੱਖ ਪਿੰਡਾਂ ਸ਼ਹਿਰਾਂ ਦੀ ਸੰਗਤ ਸ਼ਾਮਿਲ ਹੋਈ | ਇਸ ਮੌਕੇ ਜਥੇਦਾਰ ਬੀਰਾ ਸਿੰਘ, ਜਥੇਦਾਰ ਬਾਬਰ ਸਿੰਘ, ਜਥੇਦਾਰ ਹਿੰਮਤ ਸਿੰਘ, ਜਥੇਦਾਰ ਥੱਲਬੀਰ ਸਿੰਘ, ਜਥੇਦਾਰ ਪਿ੍ਤਪਾਲ ਸਿੰਘ ਭਾਈ, ਜਥੇਦਾਰ ਸ਼ਬਦਲ ਸਿੰਘ ਅਤੇ ਹੋਰ ਬੇਅੰਤ ਗੁਰਸਿੱਖ ਸ਼ਖ਼ਸੀਅਤਾਂ ਹਾਜ਼ਰ ਸਨ |