ਚੋਗਾਵਾਂ, 22 ਨਵੰਬਰ (ਗੁਰਵਿੰਦਰ ਸਿੰਘ ਕਲਸੀ)-ਭਾਈ ਗੁਰਇਕਬਾਲ ਸਿੰਘ ਅਤੇ ਭਾਈ ਅਮਨਦੀਪ ਸਿੰਘ ਦੀ ਰਹਿਨੁਮਾਈ ਹੇਠ ਚੱਲ ਰਹੇ ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਅੰਮਿ੍ਤਸਰ ਵਿਖੇ ਸਲਾਨਾ ਸਮਾਗਮ 'ਵਿਰਾਸਤ-ਏ-ਪੰਜਾਬ' ਬੜੇ ਹੀ ਸ਼ਾਨਦਾਰ ਢੰਗ ਨਾਲ ਕਰਵਾਇਆ ਗਿਆ | ਸਮਾਗਮ ਦੀ ਸ਼ੁਰੂਆਤ ਸਕੂਲ ਦੇ ਪਿ੍ੰਸੀਪਲ ਆਰਤੀ ਸੂਦ ਦੇ ਸਵਾਗਤੀ ਸੰਬੋਧਨ ਨਾਲ ਹੋਈ, ਜਿਸ ਵਿਚ ਉਨ੍ਹਾਂ ਨੇ ਪੰਜਾਬ ਦੀ ਧਰਤੀ, ਸੱਭਿਆਚਾਰ ਅਤੇ ਵਿਰਾਸਤ ਨੂੰ ਸੰਭਾਲਣ ਦੀ ਮਹੱਤਤਾ ਬਾਰੇ ਵਿਚਾਰ ਸਾਂਝੇ ਕੀਤੇ | ਸਮਾਗਮ ਦੌਰਾਨ ਮੰਚ 'ਤੇ ਵਿਦਿਆਰਥੀਆਂ ਵਲੋਂ ਸ਼ਬਦ, ਗਤਕਾ, ਪੰਜਾਬੀ ਪੇਂਡੂ ਜੀਵਨ ਦੇ ਦਿ੍ਸ਼-ਮੇਲੇ, ਬਾਲ ਖੇਡਾਂ, ਪੰਜਾਬੀ ਸੱਭਿਆਚਾਰਕ ਦੀਆਂ ਝਲਕਾਂ, ਗਿੱਧਾ, ਭੰਗੜਾ ਤੇ ਵਿਰਾਸਤੀ ਵਸਤਾਂ ਪੇਸ਼ ਕੀਤੀਆਂ ਗਈਆਂ, ਜਿਨ੍ਹਾਂ ਨੇ ਦਰਸ਼ਕਾਂ ਦੇ ਦਿਲ ਜਿੱਤ ਲਏ | ਬੱਚਿਆਂ ਦੀ ਪੇਸ਼ਕਾਰੀ ਅਤੇ ਆਤਮ-ਵਿਸ਼ਵਾਸ ਨੇ ਸਾਰੇ ਮੌਜੂਦ ਮਹਿਮਾਨਾਂ ਤੋਂ ਖੂਬ ਤਾਰੀਫ਼ਾਂ ਹਾਸਲ ਕੀਤੀਆਂ | ਸਕੂਲ ਵਲੋਂ ਇਸ ਮੌਕੇ ਸਿੱਖਿਆ ਵਿਚ ਨਵੀਨਤਾ ਵੱਲ ਇਕ ਹੋਰ ਕਦਮ ਚੁੱਕਦਿਆਂ ਰੋਬੋਟਿਕਸ ਕਲੱਬ ਸ਼ੁਰੂ ਕਰਨ ਦੀ ਘੋਸ਼ਣਾ ਵੀ ਕੀਤੀ ਗਈ | ਇਸ ਦੇ ਨਾਲ ਹੀ ਪਿ੍ੰਸੀਪਲ ਨੇ ਦੱਸਿਆ ਕਿ ਸਕੂਲ ਦਾ ਨਵਾਂ ਹਾਲ ਵੀ ਤਿਆਰ ਹੋ ਰਿਹਾ ਹੈ, ਜੋ ਆਉਣ ਵਾਲੇ ਸਮੇਂ ਵਿਚ ਬੱਚਿਆਂ ਦੀਆਂ ਅਕੈਡਮਿਕ ਅਤੇ ਸਹਿ-ਪਾਠਕ੍ਰਮ ਗਤੀਵਿਧੀਆਂ ਲਈ ਵੱਡਾ ਕੇਂਦਰ ਬਣੇਗਾ | ਸਮਾਗਮ ਵਿਚ ਉੱਚੇਚੇ ਤੌਰ ਤੇ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਦੇ ਮੁੱਖ ਟਰੱਸਟੀ ਭਾਈ ਅਮਤੇਸ਼ਵਰ ਸਿੰਘ ਮੌਜੂਦ ਰਹੇ ਅਤੇ ਵਿਦਿਆਰਥੀਆਂ ਨੂੰ ਇਨਾਮ ਵੰਡ ਕੇ ਉਨ੍ਹਾਂ ਦਾ ਹੌਸਲਾ ਵਧਾਇਆ | ਸਮਾਗਮ ਦੇ ਅੰਤ ਵਿਚ ਸਕੂਲ ਦੇ ਮੁੱਖ ਅਧਿਆਪਕ ਅਤੇ ਮੈਨੇਜਿੰਗ ਕਮੇਟੀ ਵਲੋਂ ਆਏ ਮਹਿਮਾਨਾਂ, ਸਾਰੇ ਮਾਪਿਆਂ, ਸਟਾਫ ਮੈਂਬਰਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਗਿਆ | ਪ੍ਰਬੰਧਕ ਕਮੇਟੀ ਨੇ ਸਮਾਗਮ ਦੀ ਸਫਲਤਾ 'ਤੇ ਖੁਸ਼ੀ ਪ੍ਰਗਟਾਈ ਅਤੇ ਟੀਮ ਦੀ ਮਿਹਨਤ ਦੀ ਪ੍ਰਸ਼ੰਸਾ ਕੀਤੀ |