ਬੰਗਾ, 22 ਨਵੰਬਰ (ਕੁਲਦੀਪ ਸਿੰਘ ਪਾਬਲਾ) - ਡੈਰਿਕ ਇੰਟਰਨੈਸ਼ਨਲ ਸਕੂਲ ਬੰਗਾ 'ਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ 'ਤੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ | ਸਮਾਗਮ ਦਾ ਮੁੱਖ ਉਦੇਸ਼ ਨੌਵੇਂ ਪਾਤਸ਼ਾਹ ਦੀ ਉਸ ਮਹਾਨ ਕੁਰਬਾਨੀ ਨੂੰ ਯਾਦ ਕਰਨਾ ਸੀ, ਜਿਨ੍ਹਾਂ ਨੂੰ ਹਿੰਦ ਦੀ ਚਾਦਰ ਦੇ ਰੂਪ ਵਿੱਚ ਸਨਮਾਨ ਮਿਲਿਆ | ਸਮਾਗਮ ਦੀ ਸ਼ੁਰੂਆਤ ਸ਼ਰਧਾਂਜਲੀ ਨਾਲ ਹੋਈ | ਇਸ ਤੋਂ ਬਾਅਦ ਸਕੂਲ ਦੇ ਵਿਦਿਆਰਥੀਆਂ ਵਲੋਂ ਗਾਏ ਗਏ ਦੋ ਸ਼ਬਦਾਂ ਨੇ ਪੂਰੇ ਸਮਾਗਮ ਨੂੰ ਰੂਹਾਨੀਅਤ ਨਾਲ ਭਰ ਦਿੱਤਾ | ਵਿਦਿਆਰਥੀਆਂ ਵੱਲੋਂ ਪੇਸ਼ ਕੀਤੀ ਗਈ ਸ਼ਹੀਦੀ ਘਟਨਾ ਉੱਤੇ ਨਾਟਕ ਨੇ ਦਰਸ਼ਕਾਂ ਦੇ ਦਿਲਾਂ ਨੂੰ ਝੰਜੇੜ ਦਿੱਤਾ | ਗਿਆਰ੍ਹਵੀਂ ਜਮਾਤ ਦੀ ਵਿਦਿਆਰਥਣ ਅਰਸ਼ਦੀਪ ਵੱਲੋਂ ਕੀਤੀ ਗਈ ਭਾਸ਼ਣ ਪੇਸ਼ਕਾਰੀ ਨੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਅਤੇ ਅੱਜ ਦੇ ਸਮੇਂ ਵਿਚ ਉਨ੍ਹਾਂ ਦੀ ਮਹੱਤਤਾ ਨੂੰ ਹੋਰ ਗਹਿਰਾਈ ਨਾਲ ਸਮਝਾਇਆ | ਪਿ੍ੰਸੀਪਲ ਸ਼੍ਰੀਮਤੀ ਨੀਨਾ ਭਾਰਦਵਾਜ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਜ਼ਿੰਦਗੀ ਅਤੇ ਕੁਰਬਾਨੀ ਹਿੰਮਤ, ਸੱਚਾਈ ਅਤੇ ਇਨਸਾਨੀਅਤ ਦੇ ਅਤੁੱਟ ਪਾਠ ਹਨ | ਸਾਡਾ ਸਕੂਲ ਇਨ੍ਹਾਂ ਮੁੱਲਾਂ ਨੂੰ ਆਪਣੇ ਵਿਦਿਆਰਥੀਆਂ ਵਿੱਚ ਪ੍ਰਦਾਨ ਕਰਨ ਲਈ ਵਚਨਬੱਧ ਹੈ | ਗੁਰੂ ਸਾਹਿਬ ਦਾ ਫੁਰਮਾਨ ਸਾਂਝਾ ਕਰਦਿਆ ਕਿਹਾ, ਕਿਸੇ ਤੋਂ ਡਰੋ ਨਾ, ਕਿਸੇ ਨੂੰ ਡਰਾਓ ਨਾ, ਆਪਣੇ ਜੀਵਨ ਦਾ ਮਾਰਗਦਰਸ਼ਕ ਬਣਾਈਏ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੀ ਸੱਭਿਆਚਾਰਕ ਵਿਰਾਸਤ ਨਾਲ ਜੁੜੇ ਰਹਿਣ ਅਤੇ ਸਮਾਜ ਲਈ ਸਕਾਰਾਤਮਕ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ |