ਗੱਗੋਮਾਹਲ, 22 ਨਵੰਬਰ (ਬਲਵਿੰਦਰ ਸਿੰਘ ਸੰਧੂ)-ਵੈਟਨਰਜ ਵੈਲਫੇਅਰ ਆਰਗੇਨਾਈਜੇਸ਼ਨ ਭਾਰਤ ਵਲੋਂ ਐਕਸ ਐਸੋਸੀਏਸ਼ਨ ਹੁਸ਼ਿਆਰਪੁਰ ਤੇ ਹੋਰ ਸੰਸਥਾਵਾ ਦੇ ਸਹਿਯੋਗ ਨਾਲ ਪਿੱਛਲੇ ਲੰਮੇਂ ਸਮੇਂ ਤੋਂ ਹੜ੍ਹ ਪੀੜਤ ਪਰਿਵਾਰਾਂ ਲਈ ਸਹਾਇਤਾ ਵਜੋਂ ਕੈਂਪ ਚਲਾਇਆ ਜਾ ਰਿਹਾ ਹੈ, ਜਿਸ ਵਿਚ ਬਾਹਰੋਂ ਆਏ ਦਾਨੀ ਸੱਜਣਾ ਨੂੰ ਠੀਕ ਜਗ੍ਹਾ 'ਤੇ ਦਾਨ ਪਹੁੰਚਾਉਣ ਲਈ ਮਦਦ ਕਰਨ ਦੇ ਨਾਲ-ਨਾਲ ਲੋੜਵੰਦ ਪਰਿਵਾਰਾਂ ਨੂੰ ਖਾਣ ਪੀਣ ਦੀ ਸਮੱਗਰੀ, ਤਰਪਾਲਾਂ, ਮੈਡੀਕਲ ਕਿੱਟਾਂ ਦੇ ਨਾਲ-ਨਾਲ 21 ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੀ ਸ਼ਾਦੀ ਲਈ 21 ਹਜਾਰ ਰੁਪਏ ਪ੍ਰਤੀ ਪਰਿਵਾਰ ਸਮੇਤ ਵਿਆਹ ਦੀ ਹੋਰ ਸਮੱਗਰੀ ਦੇਣ ਤੋਂ ਇਲਾਵਾ ਖਾਦ, ਬੀਜ, ਘਰ ਢਹਿ ਜਾਣ ਵਾਲਿਆਂ ਨੂੰ ਬੱਜਰੀ, ਰੇਤ ਤੇ ਜ਼ਮੀਨ ਦੇ ਖ਼ਰਾਬੇ ਵਾਲਿਆਂ ਨੂੰ ਨਗਦ ਰਾਸ਼ੀ ਸੰਸਥਾਵਾਂ ਦੇ ਸਹਿਯੋਗ ਨਾਲ ਮੁਹੱਈਆ ਕਰਵਾਈ ਗਈ ਹੈ | ਸੰਸਥਾ ਵਲੋਂ ਸਾਬਕਾ ਤੇ ਮੌਜੂਦਾ ਸੈਨਾ ਦੇ ਜਵਾਨਾ, ਅਫਸਰਾਂ ਵਲੋਂ ਸਰਕਾਰੀ ਸਕੂਲਾਂ ਵਿਚ ਵਿੱਦਿਆ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਸਕੂਲ ਬੈਗ, ਸਟੇਸ਼ਨਰੀ, ਬੂਟ, ਜਰਾਬਾਂ, ਜਰਸੀਆਂ, ਦਸਤਾਨੇ, ਗਰਮ ਟੋਪੀਆਂ ਦੀ ਵੰਡ ਕੀਤੀ | ਪਿੰਡ ਮਹਿਮਦ ਮੰਦਰਾਵਾਲਾ ਦੇ ਸਰਕਾਰੀ ਸਕੂਲ ਵਿਚ ਵੰਡ ਕਰਨ ਮੌਕੇ ਸੰਸਥਾ ਦੇ ਆਗੂਆਂ ਨੇ ਕਿਹਾ ਕਿ ਮਨੁੱਖਤਾ ਦੀ ਸੇਵਾ ਉਤਮ ਸੇਵਾ ਮੰਨੀ ਜਾਦੀ ਹੈ | ਜਦੋਂ ਵੀ ਕੋਈ ਵਿਅਕਤੀ ਬਿਪਤਾ ਵਿਚ ਹੁੰਦਾ ਹੈ ਤਾਂ ਪੰਜਾਬ ਦੇ ਵਸਨੀਕ ਉਸ ਦੀ ਮਦਦ ਲਈ ਬਹੁੜਦੇ ਹਨ ਹੁਣ ਵੀ ਹੜ੍ਹਾਂ ਦੀ ਮਾਰ ਕਾਰਨ ਲਾਚਾਰ ਲੋਕਾਂ ਦੀ ਮਦਦ ਕਰਨ ਲਈ ਭਾਰਤੀ ਸੈਨਾ ਦੇ ਸੇਵਾ ਮੁੱਕਤ ਤੇ ਸੇਵਾ ਕਰ ਰਹੇ ਜਵਾਨਾ, ਅਧੀਕਾਰੀਆਂ ਵਲੋਂ ਇਹ ਸੇਵਾ ਕੀਤੀ ਜਾ ਰਹੀ ਹੈ | ਇਸ ਸਮੇਂ ਸੰਸਥਾ ਦੇ ਪੰਜਾਬ ਪ੍ਰਧਾਨ ਸੂਬੇਦਾਰ ਮੇਜਰ ਦਿਲਬਾਗ ਸਿੰਘ, ਚੇਅਰਮੈਨ ਮਾਝਾ ਜ਼ੋਨ ਕੈਪਟਨ ਰਣਜੀਤ ਸਿੰਘ, ਵਾਇਸ ਚੇਅਰਮੈਨ ਮਾਝਾ ਜ਼ੋਨ ਕੈਪਟਨ ਰਣਜੋਧ ਸਿੰਘ, ਜਰਨਲ ਸੈਕਟਰੀ ਕੈਪਟਨ ਨਵਜੀਤ ਸਿੰਘ, ਕੈਪਟਨ ਜਸਵੰਤ ਸਿੰਘ, ਕੈਪਟਨ ਹਰਵਿੰਦਰ ਸਿੰਘ, ਸੂਬੇਦਾਰ ਮੇਜਰ ਆਈ. ਪੀ. ਸਿੰਘ, ਬਖਸ਼ੀਸ਼ ਸਿੰਘ, ਸਤਿੰਦਰ ਸਿੰਘ, ਪਲਵਿੰਦਰ ਸਿੰਘ, ਕੈਪਟਨ ਬਲਬੀਰ ਸਿੰਘ, ਡੀ. ਐੱਫ. ਆਰ. ਬਲਦੇਵ ਸਿੰਘ, ਕਰਨਲ ਰਘਬੀਰ ਸਿੰਘ, ਕਰਨਲ ਮਲੂਕ ਸਿੰਘ ਤੋਂ ਇਲਾਵਾ ਸੈਨਾ ਦੇ ਕਈ ਸੇਵਾ ਮੁਕੱਤ ਅਧਿਕਾਰੀ ਹਾਜ਼ਰ ਸਨ |