ਬਾਬਾ ਬਕਾਲਾ ਸਾਹਿਬ, 22 ਨਵੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ ਦਿਆਲਾ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਦੀ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਇਤਿਹਾਸਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਬਾਬਾ ਬਕਾਲਾ ਸਾਹਿਬ ਵਿਖੇ ਧਾਰਮਿਕ ਸਮਾਗਮ 23-24-25 ਨਵੰਬਰ ਨੂੰ ਸ਼੍ਰੋਮਣੀ ਕਮੇਟੀ ਵਲੋਂ ਸਾਧ ਸੰਗਤ ਦੇ ਸਹਿਯੋਗ ਨਾਲ ਸ਼ਰਧਾ ਪੂਰਵਕ ਮਨਾਏ ਜਾ ਰਹੇ ਹਨ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਾਬਕਾ ਵਿਧਾਇਕ ਜਥੇ. ਬਲਜੀਤ ਸਿੰਘ ਜਲਾਲ ਉਸਮਾ ਮੈਂਬਰ ਸ਼੍ਰੋਮਣੀ ਕਮੇਟੀ ਨੇ ਦੱਸਿਆ ਹੈ ਕਿ 23 ਨਵੰਬਰ ਨੂੰ ਤਪ ਅਸਥਾਨ ਸ੍ਰੀ ਭੋਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ, ਜਿਨ੍ਹਾਂ ਦੇ ਭੋਗ 25 ਨਵੰਬਰ ਨੂੰ ਪਾਏ ਜਾਣਗੇ, ਉੇਪਰੰਤ ਦੀਵਾਨ ਹਾਲ ਵਿਖੇ ਧਾਰਮਿਕ ਦੀਵਾਨ ਸਜਾਏ ਜਾਣਗੇ | ਸ਼ਹੀਦੀ ਦਿਹਾੜੇ ਨੂੰ ਸਮਰਪਿਤ 24 ਨਵੰਬਰ ਨੂੰ ਤਪ ਅਸਥਾਨ ਸ੍ਰੀ ਭੋਰਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਇਕ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ, ਜੋ ਕਿ ਵੱਖ-ਵੱਖ ਧਾਰਮਿਕ ਅਸਥਾਨਾਂ ਤੋਂ ਹੁੰਦਾ ਹੋਇਆ ਵਾਪਸ ਤਪ ਅਸਥਾਨ ਸ੍ਰੀ ਭੋਰਾ ਸਾਹਿਬ ਪਾਤਸ਼ਾਹੀ ਨੌਵੀਂ, ਬਾਬਾ ਬਕਾਲਾ ਸਾਹਿਬ ਵਿਖੇ ਸਮਾਪਤ ਹੋਵੇਗਾ | ਉਨ੍ਹਾਂ ਸਮੂਹ ਸੰਗਤਾਂ ਨੂੰ ਹੁੰਮ ਹੁੰਮਾਕੇ ਦਰਸ਼ਨ ਦੇਣ ਲਈ ਬੇਨਤੀ ਕੀਤੀ ਹੈ | ਇਸ ਮੌਕੇ ਮੈਨੇਜਰ ਭਾਈ ਗੁਰਪ੍ਰੀਤ ਸਿੰਘ ਮੱਲੇਵਾਲ, ਐਡੀਸ਼ਨਲ ਮੈਨੇਜਰ ਭਾਈ ਬਲਜੀਤ ਸਿੰਘ, ਮੀਤ ਮੈਨੇਜਰ ਭਾਈ ਸ਼ੇਰ ਸਿੰਘ, ਹੱੈਡਗ੍ਰੰਥੀ ਗਿਆਨੀ ਹਰਦੇਵ ਸਿੰਘ, ਪਿ੍ੰ: ਦਿਲਬਾਗ ਸਿੰਘ ਮਾਨ, ਪਿ੍ੰ: ਸੁੱਖਦੀਪ ਸਿੰਘ ਗਿੱਲ ਅਤੇ ਹੋਰ ਹਾਜ਼ਰ ਸਨ |