ਕੋਟਕਪੂਰਾ, 22 ਨਵੰਬਰ (ਮੋਹਰ ਸਿੰਘ ਗਿੱਲ)-ਦਸਮੇਸ਼ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਹਰੀਨੌ ਵਲੋਂ ਹਰ ਸਾਲ ਦੀ ਤਰ੍ਹਾਂ ਛੇਵੀਂ ਤੋਂ ਨੌਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦਾ ਵਿੱਦਿਅਕ ਫ਼ੇਰਾ ਸ੍ਰੀ ਹਰਿਮੰਦਰ ਸਾਹਿਬ ਅਤੇ ਸਾਡਾ ਪਿੰਡ (ਅੰਮਿ੍ਤਸਰ) ਵਿਖੇ ਕਰਵਾਇਆ ਗਿਆ | ਸਕੂਲ ਦੇ ਮੈਨੇਜਿੰਗ ਡਾਇਰੈਕਟਰ ਬਲਜੀਤ ਸਿੰਘ, ਡਾਇਰੈਕਟਰ-ਪਿ੍ੰਸੀਪਲ ਸੁਰਿੰਦਰ ਕੌਰ ਅਤੇ ਪਿ੍ੰਸੀਪਲ ਸੋਮਾ ਦੇਵੀ ਦੇ ਨਿਰਦੇਸ਼ 'ਚ ਇਸ ਧਾਰਮਿਕ ਸਥਾਨਾਂ ਦੀ ਯਾਤਰਾ ਦੀ ਅਗਵਾਈ ਅਧਿਆਪਕਾਂ ਅਮਿਤ ਬਾਂਸਲ, ਰਵਨੀਤ ਕੌਰ, ਕਮਲਜੀਤ ਕੌਰ ਅਤੇ ਰਿਤੂ ਵਲੋਂ ਕੀਤੀ ਗਈ | ਸਭ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਸ੍ਰੀ ਹਰਿਮੰਦਰ ਸਾਹਿਬ (ਸ੍ਰੀ ਅੰਮਿ੍ਤਸਰ ਸਾਹਿਬ) ਦੇ ਦਰਸ਼ਨ ਕਰਵਾਏ ਗਏ | ਇਸ ਤੋਂ ਬਾਅਦ ਵਿਦਿਆਰਥੀਆਂ ਨੂੰ 'ਸਾਡਾ ਪਿੰਡ' ਜੋ ਸ੍ਰੀ ਅੰਮਿ੍ਤਸਰ ਸਾਹਿਬ ਤੋਂ ਥੋੜ੍ਹੀ ਦੂਰੀ 'ਤੇ ਸਥਿਤ ਹੈ, ਵਿਖੇ ਲਿਜਾਇਆ ਗਿਆ | ਇੱਥੇ ਵਿਦਿਆਰਥੀਆਂ ਨੂੰ ਪੰਜਾਬੀ ਸੱਭਿਆਚਾਰ ਅਤੇ ਪੰਜਾਬ ਦੇ ਪਿੰਡਾਂ ਦੇ ਵਿਰਸੇ ਨਾਲ ਸਬੰਧਿਤ ਚੀਜਾਂ ਦਿਖਾਈਆਂ ਗਈਆਂ ਅਤੇ ਉਨ੍ਹਾਂ ਬਾਰੇ ਰੌਚਕ ਜਾਣਕਾਰੀ ਵੀ ਦਿੱਤੀ ਗਈ | ਜਿਹੜੀਆਂ ਵਸਤੂਆਂ ਜਾਂ ਪੇਂਡੂ ਕੰਮ ਕਾਜ ਅਜੋਕੇ ਸਮੇਂ ਵਿਚ ਅਲੋਪ ਹੋ ਰਹੇ ਹਨ, ਬਾਰੇ ਵੀ ਅਧਿਆਪਕਾਂ ਵਲੋਂ ਮਹੱਤਵਪੂਰਨ ਜਾਣਕਾਰੀ ਦਿੱਤੀ ਗਈ | ਅਧਿਆਪਕਾਂ ਨੇ ਕਿਹਾ ਕਿ ਇਹੋ ਜਿਹੇ ਵਿੱਦਿਅਕ ਯਾਤਰਾ ਪ੍ਰੋਗਰਾਮ ਵਿਦਿਆਰਥੀਆਂ ਦੀ ਸਰਵਪੱਖੀ ਸ਼ਖ਼ਸੀਅਤ ਦਾ ਵਿਕਾਸ ਕਰਨ 'ਚ ਸਹਾਇਕ ਸਿੱਧ ਹੁੰਦੇ ਹਨ |