ਤਰਨ ਤਾਰਨ, 23 ਨਵੰਬਰ (ਹਰਿੰਦਰ ਸਿੰਘ)-ਜ਼ਿਲ੍ਹਾ ਤਰਨ ਤਾਰਨ ਦੇ ਵੱਖ-ਵੱਖ ਥਾਣਿਆਂ ਦੀ ਪੁਲਿਸ ਵਲੋਂ ਹੈਰੋਇਨ ਸਮੇਤ ਦੋ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ | ਇਸ ਤੋਂ ਇਲਾਵਾ ਇਕ ਵਿਅਕਤੀ ਕੋਲੋਂ ਭਾਰੀ ਮਾਤਰਾ ਵਿਚ ਨਾਜਾਇਜ਼ ਸ਼ਰਾਬ ਵੀ ਬਰਾਮਦ ਕੀਤੀ ਹੈ, ਜੋ ਕਿ ਪੁਲਿਸ ਦੀ ਗਿ੍ਫ਼ਤ ਵਿਚੋਂ ਫਰਾਰ ਹੋਣ ਵਿਚ ਕਾਮਯਾਬ ਹੋ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਪੱਟੀ ਦੇ ਏ.ਐਸ.ਆਈ. ਹਰਿੰਦਰਪਾਲ ਸਿੰਘ ਨੇ ਦੱਸਿਆ ਕਿ ਉਹ ਟੀ.ਪੁਆਇੰਟ ਬਾਬਾ ਸ਼ੇਰ ਸ਼ਾਹ ਵਲੀ ਪਿੰਡ ਘਰਿਆਲਾ ਵਿਖੇ ਗਸ਼ਤ ਦੇ ਸੰਬੰਧ ਵਿਚ ਪੁੱਜੇ ਤਾਂ ਇਕ ਨੌਜਵਾਨ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਆਪਣੀ ਜੇਬ ਵਿਚੋਂ ਇਕ ਮੋਮੀ ਲਿਫਾਫਾ ਸੁੱਟ ਦਿੱਤਾ, ਪੁਲਿਸ ਪਾਰਟੀ ਵਲੋਂ ਸ਼ੱਕ ਦੇ ਆਧਾਰ 'ਤੇ ਜਦ ਉਕਤ ਨੌਜਵਾਨ ਵਲੋਂ ਸੁੱਟੇ ਗਏ ਲਿਫਾਫੇ ਦੀ ਤਲਾਸ਼ੀ ਕੀਤੀ ਤਾਂ ਉਸ 'ਚੋਂ 10 ਗ੍ਰਾਮ ਹੈਰੋਇਨ ਬਰਾਮਦ ਹੋਈ | ਫੜੇ ਗਏ ਨੌਜਵਾਨ ਦੀ ਪਛਾਣ ਸ਼ੌਕਤ ਪੁੱਤਰ ਪਿਸ਼ੌਰਾ ਵਾਸੀ ਘਰਿਆਲਾ ਵਜੋਂ ਹੋਈ | ਇਸੇ ਤਰ੍ਹਾਂ ਥਾਣਾ ਸਦਰ ਪੱਟੀ ਦੇ ਏ.ਐਸ.ਆਈ. ਚਰਨਜੀਤ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਦੇ ਸੰਬਘ ਵਿਚ ਪਿੰਡ ਭੱਗੂਪੁਰ ਮੌਜੂਦ ਸਨ ਤਾਂ ਇਕ ਪੈਦਲ ਆਉਂਦੇ ਨੌਜਵਾਨ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਆਪਣੀ ਜੇਬ ਵਿਚੋਂ ਮੋਮੀ ਲਿਫਾਫਾ ਸੁੱਟ ਦਿੱਤਾ | ਪੁਲਿਸ ਪਾਰਟੀ ਵਲੋਂ ਸ਼ੱਕ ਪੈਣ 'ਤੇ ਉਕਤ ਨੌਜਵਾਨ ਨੂੰ ਕਾਬੂ ਕਰਕੇ ਜਦ ਉਸ ਵਲੋਂ ਸੁੱਟੇ ਲਿਫਾਫੇ ਦੀ ਜਾਂਚ ਕੀਤੀ ਤਾਂ ਉਸ ਵਿਚੋਂ 12 ਗ੍ਰਾਮ ਹੈਰੋਇਨ ਬਰਾਮਦ ਹੋਈ | ਫੜੇ ਗਏ ਨੌਜਵਾਨ ਦੀ ਪਛਾਣ ਗੁਰਪ੍ਰੀਤ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਬਰਵਾਲਾ ਵਜੋਂ ਹੋਈ | ਇਸੇ ਤਰ੍ਹਾਂ ਥਾਣਾ ਚੋਹਲਾ ਸਾਹਿਬ ਦੇ ਏ.ਐਸ.ਆਈ. ਭਗਵੰਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਸਾਥੀ ਕਰਮਚਾਰੀਆਂ ਸਮੇਤ ਕੈਸੋ ਰੇਡ ਦੇ ਸੰਬੰਧ ਪਿੰਡ ਰੱਤੋਕੇ ਤੋਂ ਕਰੀਬ ਇਕ ਕਿਲੋਮੀਟਰ ਪਿੱਛੇ ਸੀ ਤਾਂ ਪਿੰਡ ਰੱਤੋਕੇ ਵਾਲੇ ਪਾਸੇ ਤੋਂ ਲਵਪ੍ਰੀਤ ਸਿੰਘ ਉਰਫ ਲੱਭਾ ਪੁੱਤਰ ਦਲਬੀਰ ਸਿੰਘ ਵਾਸੀ ਰੱਤੋਕੇ ਚਿੱਟੇ ਰੰਗ ਦੀ ਕੈਨੀ ਪਲਾਸਟਿਕ ਨੂੰ ਸੁੱਟ ਕੇ ਪੱਕੀ ਸੜਕ ਤੋਂ ਕੱਚੇ ਰਸਤੇ ਮੁੜ ਗਿਆ | ਪੁਲਿਸ ਪਾਰਟੀ ਵਲੋਂ ਸ਼ੱਕ ਪੈਣ 'ਤੇ ਗੱਡੀ ਰੁਕਵਾ ਕੇ ਹੇਠਾਂ ਉਤਰ ਕੇ ਭੱਜੇ ਜਾਂਦੇ ਉਕਤ ਵਿਅਕਤੀ ਨੂੰ ਫੜਨ ਲਈ ਕਾਫੀ ਦੂਰ ਤੱਕ ਉਸ ਦਾ ਪਿੱਛਾ ਕੀਤਾ, ਪਰ ਹਨੇਰਾ ਹੋਣ ਕਰਕੇ ਉਕਤ ਵਿਅਕਤੀ ਭੱਜਣ ਵਿਚ ਕਾਮਯਾਬ ਹੋ ਗਿਆ | ਪੁਲਿਸ ਪਾਰਟੀ ਵਲੋਂ ਉਸ ਵਲੋਂ ਸੁੱਟੀ ਪਲਾਸਟਿਕ ਦੀ ਕੈਨੀ ਦੀ ਜਦ ਜਾਂਚ ਕੀਤੀ ਤਾਂ ਉਸ ਵਿਚੋਂ 11250 ਐਮ.ਐਲ ਨਜਾਇਜ਼ ਸ਼ਰਾਬ ਬ੍ਰਾਮਦ ਹੋਈ | ਇਸ ਸੰਬੰਧੀ ਥਾਣਾ ਚੋਹਲਾ ਸਾਹਿਬ ਵਿਖੇ ਲਵਪ੍ਰੀਤ ਸਿੰਘ ਉਰਫ਼ ਲੱਭਾ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਦੀ ਗਿ੍ਫ਼ਤਾਰੀ ਲਈ ਭਾਲ ਸ਼ੁਰੂ ਕਰ ਦਿੱਤੀ ਹੈ |