ਮਜੀਠਾ, 23 ਨਵੰਬਰ (ਮਨਿੰਦਰ ਸਿੰਘ ਸੋਖੀ)-ਸੈਕਰਡ ਹਾਰਟ ਕਾਨਵੈਂਟ ਸਕੂਲ ਮਜੀਠਾ ਵਿਖੇ ਪਿ੍ੰ: ਸਿਸਟਰ ਡਾ: ਵਿਲਫੀ ਦੀ ਅਗਵਾਈ 'ਚ ਸਕੂਲ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸਮਾਗਮ ਕਰਾਇਆ ਗਿਆ | ਸਵੇਰ ਦੀ ਸਭਾ ਸ੍ਰੀ ਗੁਰੂ ਤੇਗ ਬਹਾਦਰ ਦੀ ਸ਼ਹੀਦੀ ਨੂੰ ਸਮਰਪਿਤ ਪ੍ਰਾਰਥਨਾ ਸਭਾ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਨਾਲ ਸ਼ੁਰੂ ਹੋਈ | ਉਪਰੰਤ ਸਕੂਲੀ ਵਿਦਿਆਰਥੀਆਂ ਨੇ ਗੁਰੂ ਸਾਹਿਬ ਦੇ ਜੀਵਨ ਅਤੇ ਸ਼ਹਾਦਤ ਬਾਰੇ ਪ੍ਰੇਰਣਾਦਾਇਕ ਵਿਚਾਰ ਪੇਸ਼ ਕੀਤੇ | ਵਿਦਿਆਰਥੀਆਂ ਵਲੋਂ ਗੁਰੂ ਸਾਹਿਬ ਦੀ ਧਰਮ ਦੀ ਰੱਖਿਆ ਲਈ ਕੀਤੀ ਮਹਾਨ ਸ਼ਹਾਦਤ ਦੀ ਮਹੱਤਤਾ ਨੂੰ ਬਿਆਨ ਕਰਦੇ ਹੋਏ ਦੱਸਿਆ ਗਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੰਦੇਸ਼, ਹਿੰਮਤ, ਸਹਿਣਸ਼ੀਲਤਾ ਅਤੇ ਮਨੁੱਖਤਾ ਦੀ ਸੇਵਾ ਅੱਜ ਵੀ ਸਮਾਜ ਲਈ ਪ੍ਰੇਰਣਾ ਦਾ ਸਰੋਤ ਹੈ | ਵਿਦਿਆਰਥੀਆਂ ਨੇ ਮਨੋਹਰ ਗੁਰਬਾਣੀ ਦਾ ਸ਼ਬਦ ਕੀਰਤਨ ਅਤੇ ਧਾਰਮਿਕ ਕਵਿਤਾਵਾਂ ਗਾ ਕੇ ਆਪਣੀ ਸ਼ਰਧਾਂਜਲੀ ਅਰਪਿਤ ਕੀਤੀ | ਪਿ੍ੰ: ਸਿਸਟਰ ਡਾ: ਵਿਲਫੀ ਨੇ ਬੱਚਿਆਂ ਨੂੰ ਗੁਰੂ ਸਾਹਿਬ ਦੇ ਆਦਰਸ਼ਾਂ 'ਤੇ ਚੱਲਣ ਦੀ ਪ੍ਰੇਰਨਾ ਦਿੱਤੀ | ਅਖੀਰ 'ਚ ਪਿ੍ੰਸੀਪਲ ਨੇ ਸੰਦੇਸ਼ ਦਿੱਤਾ ਕਿ ਆਓ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੋਂ ਪ੍ਰੇਰਨਾ ਲੈ ਕੇ ਸੱਚ ਹਿੰਮਤ ਅਤੇ ਮਨੁੱਖਤਾ ਦੀ ਭਲਾਈ ਦੇ ਰਾਹ ਤੇ ਤੁਰਨ ਦਾ ਸੰਕਲਪ ਕਰੀਏ | ਇਸ ਮੌਕੇ ਸਕੂਲ ਦੇ ਸਮੂਹ ਸਟਾਫ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ |