ਤਰਨ ਤਾਰਨ, 7 ਦਸੰਬਰ (ਇਕਬਾਲ ਸਿੰਘ ਸੋਢੀ)-ਜ਼ਿਲ੍ਹਾ ਭਾਸ਼ਾ ਦਫ਼ਤਰ ਤਰਨ ਤਾਰਨ ਵਲੋਂ ਜ਼ਿਲ੍ਹੇ ਦੀਆਂ ਸਰਗਰਮ ਕਾਰਜਸ਼ੀਲ ਸਾਹਿਤ ਸਭਾਵਾਂ ਮਾਝਾ ਜਨਵਾਦੀ ਲਿਖਾਰੀ ਸਭਾ (ਮਜਲਸ) ਪੰਜਾਬ ਅਤੇ ਪੰਜਾਬੀ ਸਾਹਿਤ ਸਭਾ ਅਤੇ ਸਭਿਆਚਾਰਕ ਕੇਂਦਰ ਤਰਨ ਤਾਰਨ ਦੇ ਸਹਿਯੋਗ ਨਾਲ ਤਰਨ ਤਾਰਨ ਜ਼ਿਲ੍ਹੇ ਦੇ ਸ਼ਾਇਰਾਂ ਦਾ ਸ਼ਾਨਦਾਰ ਸਾਹਿਤਕ ਸਮਾਗਮ 'ਕਾਵਿ-ਸੰਗਤ' ਸਥਾਨਕ ਸਕੂਲ ਪੰਜਾਬ ਕਾਨਵੈਂਟ ਸਕੂਲ ਗੋਹਲਵੜ ਵਿਖੇ ਕਰਵਾਇਆ ਗਿਆ | ਸਮਾਗਮ ਦੀ ਪ੍ਰਧਾਨਗੀ ਕਰ ਰਹੇ ਨਾਮਵਰ ਸ਼ਾਇਰ ਪ੍ਰੋ. ਕੁਲਵੰਤ ਔਜਲਾ ਨੇ ਸਾਰੇ ਕਵੀਆਂ ਨੂੰ ਵਧਾਈ ਦਿੰਦਿਆਂ ਪ੍ਰਸੰਸਾ ਕੀਤੀ ਕਿ ਉਨ੍ਹਾਂ ਦੀ ਸ਼ਾਇਰੀ ਫਿਕਰ ਵਾਲੀ ਸ਼ਾਇਰੀ ਹੈ ਅਤੇ ਤਰਨ ਤਾਰਨ ਦੀ ਧਰਤੀ 'ਤੇ ਇਹੋ ਜਿਹੇ ਸ਼ਾਇਰਾਂ ਕਰਕੇ ਸਾਹਿਤਕ ਪਰੰਪਰਾ ਹੋਰ ਅਮੀਰ ਬਣ ਰਹੀ ਹੈ | ਆਏ ਹੋਏ ਮਹਿਮਾਨਾਂ ਅਤੇ ਸ਼ਾਇਰਾਂ ਦਾ ਸਵਾਗਤ ਕਰਦਿਆਂ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਜਗਦੀਪ ਸਿੰਘ ਸੰਧੂ ਨੇ ਕਿਹਾ ਕਿ ਪੰਜਾਬ 'ਚ ਬਹੁਤ ਸਾਰੇ ਲੇਖਕ ਸੋਹਣੀ ਕਵਿਤਾ ਲਿਖ ਰਹੇ ਹਨ | ਇਸ ਮੌਕੇ ਉਨ੍ਹਾਂ ਨੇ ਜ਼ਿਲ੍ਹਾ ਭਾਸ਼ਾ ਦਫ਼ਤਰ ਤਰਨ ਤਾਰਨ ਅਤੇ ਫ਼ਿਰੋਜ਼ਪੁਰ ਵਲੋਂ ਸਾਂਝੇ ਰੂਪ 'ਚ ਚਲਾਈ ਗਈ ਮੁਹਿੰਮ 'ਪੁਸਤਕ ਦਾਨ-ਮਹਾਂਦਾਨ' ਬਾਰੇ ਜਾਣਕਾਰੀ ਦਿੰਦਿਆਂ ਵੱਧ ਤੋਂ ਵੱਧ ਪੁਸਤਕਾਂ ਦਾਨ ਵਜੋਂ ਦੇਣ ਲਈ ਬੇਨਤੀ ਕੀਤੀ | ਇਸ ਮੌਕੇ ਕਹਾਣੀਕਾਰ ਜਸਵਿੰਦਰ ਸਿੰਘ ਮਾਣੌਚਾਹਲ ਵੱਲੋਂ 70 ਪੁਸਤਕਾਂ ਇਸ ਮੁਹਿੰਮ ਨੂੰ ਸਹਿਯੋਗ ਦਿੰਦੇ ਹੋਏ ਭੇਟ ਕੀਤੀਆਂ ਗਈਆਂ | ਮਾਝਾ ਜਨਵਾਦੀ ਲਿਖਾਰੀ ਸਭਾ (ਮਜਲਸ) ਦੇ ਜਰਨਲ ਸਕੱਤਰ ਹਰਦਰਸ਼ਨ ਸਿੰਘ ਕਮਲ ਅਤੇ ਪੰਜਾਬੀ ਸਾਹਿਤ ਸਭਾ ਤੇ ਸਭਿਆਚਾਰਕ ਕੇਂਦਰ, ਤਰਨ ਤਾਰਨ ਦੇ ਪ੍ਰਧਾਨ ਜਸਵਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਤਰਨ ਤਾਰਨ ਜ਼ਿਲ੍ਹੇ 'ਚ ਇਹ ਦੋਵੇਂ ਸਾਹਿਤ ਸਭਾਵਾਂ ਨਿਰੰਤਰਤਾ ਨਾਲ ਸਾਹਿਤਕ ਗਤੀਵਿਧੀਆਂ ਕਰਦੀਆਂ ਰਹਿੰਦੀਆਂ ਹਨ | ਇਸ ਮੌਕੇ ਸਮਾਗਮ ਦੇ ਮੁੱਖ ਮਹਿਮਾਨ ਸਕੱਤਰ ਸਿੰਘ ਸੰਧੂ (ਪ੍ਰਧਾਨ, ਰਾਸਾ ਪੰਜਾਬ) ਨੇ ਆਪਣੀਆਂ ਰਚਨਾਵਾਂ ਨਾਲ ਵੀ ਹਾਜ਼ਰ ਸਰੋਤਿਆਂ ਨਾਲ ਸਾਂਝ ਪਾਈ | ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਚਰਨਜੀਤ ਕੌਰ ਪਿ੍ੰਸੀਪਲ ਪੰਜਾਬ ਕਾਨਵੈਂਟ ਸਕੂਲ ਗੋਹਲਵੜ ਅਤੇ ਲਖਵਿੰਦਰ ਕੌਰ ਪਿ੍ੰਸੀਪਲ ਦ ਅਲਪਾਈਨ ਸਕੂਲ ਤਰਨ ਤਾਰਨ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਪ੍ਰਬੰਧਕੀ ਕਾਰਜਾਂ 'ਚ ਜੁਟਿਆਂ ਸਾਨੂੰ ਅਜਿਹੇ ਸਮਾਗਮ ਦੇਖਣ ਦਾ ਮੌਕਾ ਬਹੁਤ ਘੱਟ ਮਿਲਦਾ ਹੈ, ਪ੍ਰੰਤੂ ਇਸ ਸਮਾਗਮ 'ਚ ਸ਼ਮੂਲੀਅਤ ਕਰਕੇ ਆਪਣੇ ਜ਼ਿਲ੍ਹੇ ਦੇ ਕਵੀਆਂ ਨੂੰ ਸੁਣਨਾ ਮਾਣ ਵਾਲੀ ਗੱਲ ਹੈ | ਇਸ ਮੌਕੇ ਜਸਵਿੰਦਰ ਸਿੰਘ ਢਿੱਲੋਂ, ਹਰਦਰਸ਼ਨ ਸਿੰਘ ਕਮਲ, ਕੀਰਤ ਪ੍ਰਤਾਪ ਸਿੰਘ ਪੰਨੂੰ, ਬਲਵੀਰ ਸਿੰਘ ਭੈਲ, ਮਨਦੀਪ ਸਿੰਘ ਰਾਜਨ, ਦਲਜੀਤ ਸਿੰਘ ਨੰਦਪੁਰੀ, ਕੁਲਜੀਤ ਕੌਰ ਮੰਡ, ਵਿੰਨੀ ਕਪੂਰ, ਸਕੱਤਰ ਸਿੰਘ ਤੇਜਾ ਸਿੰਘ ਵਾਲਾ, ਚਰਨਜੀਤ ਸਿੰਘ ਝਬਾਲ, ਬਲਬੀਰ ਸਿੰਘ ਲਹਿਰੀ, ਸੋਨੂੰ ਸੁਲਤਾਨ, ਹਰਭਜਨ ਸਿੰਘ ਭਾਗੀਰਥ, ਪ੍ਰੇਮ ਪੰਡੋਰੀ, ਦੀਦਾਰ ਸਿੰਘ ਅਤੇ ਚਰਨ ਸਿੰਘ ਕਾਮਰੇਡ ਨੇ ਆਪਣੀਆਂ ਰਚਨਾਵਾਂ ਹਾਜ਼ਰ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ | ਮੰਚ ਸੰਚਾਲਨ ਉੱਘੀ ਸ਼ਾਇਰਾ ਪਰਜਿੰਦਰ ਕਲੇਰ ਨੇ ਕੀਤਾ | ਸਮਾਗਮ ਦੀ ਸਫ਼ਲਤਾ ਅਤੇ ਸਹਿਯੋਗ 'ਚ ਚੇਅਰਮੈਨ ਰਜਿੰਦਰ ਸਿੰਘ ਰੰਧਾਵਾ ਪੰਜਾਬ ਕਾਨਵੈਂਟ ਸਕੂਲ ਗੋਹਲਵੜ ਅਤੇ ਦ ਅਲਪਾਈਨ ਸਕੂਲ, ਰਾਸਾ ਪੰਜਾਬ, ਭਾਸ਼ਾ ਵਿਭਾਗ ਦੇ ਕਰਮਚਾਰੀਆਂ ਚੇਤਨ ਕੁਮਾਰ ਅਤੇ ਵਿਨੋਦ ਕੁਮਾਰ ਦਾ ਵਿਸ਼ੇਸ਼ ਯੋਗਦਾਨ ਰਿਹਾ | ਸਮਾਗਮ ਦੇ ਅੰਤ 'ਤੇ ਹਰਦਰਸ਼ਨ ਸਿੰਘ ਕਮਲ ਵਲੋਂ ਆਏ ਹੋਏ ਮਹਿਮਾਨਾਂ ਅਤੇ ਸ਼ਾਇਰਾਂ ਦਾ ਧੰਨਵਾਦ ਕੀਤਾ |