21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਨਹਿਰੀ ਖਾਲਾਂ ਦੇ ਰਿਕਾਰਡ ਗਾਇਬ ਹੋਣ ਕਾਰਨ ਕਿਸਾਨਾਂ 'ਚ ਟਕਰਾਅ

Ad Position 21
No active advertisement
ਅਜੀਤ ਡੈਸਕ 08-12-2025
ਟਾਂਗਰਾ, 7 ਦਸੰਬਰ (ਹਰਜਿੰਦਰ ਸਿੰਘ ਕਲੇਰ)-ਪਿਛਲੇ ਲੰਮੇਂ ਸਮੇਂ ਤੋਂ ਚੱਲ ਰਹੀਆਂ ਨਹਿਰੀ ਖਾਲਾਂ ਦੇ ਰਿਕਾਰਡ ਸਰਕਾਰੀ ਨਕਸ਼ਿਆਂ 'ਚੋਂ ਗਾਇਬ ਹੋਣ ਕਾਰਨ ਕਿਸਾਨਾਂ 'ਚ ਆਪਸੀ ਝਗੜਿਆਂ ਦੀ ਸਥਿਤੀ ਬਣੀ ਹੋਈ ਹੈ | ਪੰਜਾਬ ਸਰਕਾਰ ਵਲੋਂ ਆਉਣ ਵਾਲੇ ਪਾਣੀ ਦੇ ਸੰਕਟ ਤੋਂ ਲੋਕਾਂ ਨੂੰ ਬਚਾਉਣ ਲਈ ਨਹਿਰੀ ਸੂਇਆਂ ਨੂੰ ਪੱਕਾ ਕਰਨ ਦੀ ਯੋਜਨਾ ਤਹਿਤ ਉਹ ਨਹਿਰੀ ਖਾਲਾਂ ਦੁਬਾਰਾ ਨਿਸ਼ਾਨਦੇਹੀ ਕਰਕੇ ਸੀਮੈਂਟ ਦੇ ਪੋਰੇ ਲਗਾਏ ਜਾ ਰਹੇ ਹਨ, ਜੋ ਪਹਿਲਾਂ ਕਿਸਾਨਾਂ ਵਲੋਂ ਆਪਣੇ ਖੇਤਾਂ ਵਿਚ ਮਿਲਾ ਲਏ ਗਏ ਸਨ | ਪਰ ਇਸ ਕੰਮ ਦੌਰਾਨ ਕਿਸਾਨਾਂ ਵਲੋਂ ਪੂਰਾ ਸਹਿਯੋਗ ਨਾ ਮਿਲਣ ਕਾਰਨ ਕੰਮ ਵਿਚ ਰੁਕਾਵਟਾਂ ਆ ਰਹੀਆਂ ਹਨ | ਇਸ ਸਾਰੇ ਮਾਮਲੇ ਵਿਚ ਮਾਲ ਵਿਭਾਗ ਦੀ ਵੱਡੀ ਨਾਕਾਮੀ ਸਾਹਮਣੇ ਆ ਰਹੀ ਹੈ | ਇਸ ਦੀ ਤਾਜ਼ਾ ਮਿਸਾਲ ਪਿੰਡ ਮੁਛਲ ਦੇ ਉਸ ਨਹਿਰੀ ਸੂਏ ਦੀ ਹੈ, ਜਿਸ ਦੀਆਂ ਟੇਲਾਂ ਤੋਂ ਅੱਗੇ ਪਿੰਡ ਧੂਲਕਾ, ਬਾਣੀਆਂ ਅਤੇ ਮਦੇਪੁਰ ਨੂੰ ਜਾਣ ਵਾਲੇ ਨਹਿਰੀ ਖਾਲ ਵਿਭਾਗੀ ਨਕਸ਼ਿਆਂ ਵਿਚੋਂ ਗਾਇਬ ਹਨ | ਇਨ੍ਹਾਂ ਖਾਲਾਂ ਨੂੰ ਪੱਕਾ ਕਰਨ ਲਈ ਜਦੋਂ ਨਹਿਰੀ ਅਤੇ ਮਾਲ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਮੌਕੇ 'ਤੇ ਪਹੁੰਚੇ ਤਾਂ ਪਤਾ ਲੱਗਿਆ ਕਿ ਸੂਏ ਦੀਆਂ ਟੇਲਾਂ ਤੋਂ ਸ਼ੁਰੂ ਹੋਣ ਵਾਲਾ ਨਹਿਰੀ ਖਾਲ ਮਾਲ ਅਤੇ ਨਹਿਰੀ ਵਿਭਾਗ ਦੇ ਰਿਕਾਰਡ 'ਚ ਦਰਜ ਹੀ ਨਹੀਂ ਹੈ | ਇਸ ਕਾਰਨ ਕਿਸਾਨ ਹਰਜਿੰਦਰ ਸਿੰਘ ਨੇ ਆਪਣੇ ਖੇਤਾਂ ਵਿਚੋਂ ਪੋਰੇ ਪਾਉਣ ਦਾ ਕੰਮ ਰੋਕ ਦਿੱਤਾ | ਇਸ ਤੋਂ ਬਾਅਦ ਅਗਲੇ ਕਿਸਾਨਾਂ ਨੇ ਵੀ ਇਹ ਕਹਿ ਕੇ ਕੰਮ ਰੁਕਵਾ ਦਿੱਤਾ ਕਿ ਪਹਿਲਾਂ ਸ਼ੁਰੂਆਤੀ ਖਾਲ ਦੀ ਨਿਸ਼ਾਨਦੇਹੀ ਕਰਕੇ ਪੱਕਾ ਕੀਤਾ ਜਾਵੇ, ਤਦੋਂ ਹੀ ਅੱਗੇ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ | ਇਹ ਨਹਿਰੀ ਖਾਲ ਪਿੰਡ ਮੁੱਛਲ ਤੋਂ ਨਾਲ-ਨਾਲ ਚੱਲ ਕੇ ਪਿੰਡ ਧੂਲਕਾ, ਬਾਣੀਆਂ ਅਤੇ ਮਦੇਪੁਰ ਨੂੰ ਪਾਣੀ ਸਪਲਾਈ ਕਰਦੇ ਰਹੇ ਹਨ | ਜਦੋਂ ਵਿਭਾਗ ਵਲੋਂ ਪਿੰਡ ਮੁੱਛਲ ਦੀ ਹੱਦ ਅੰਦਰੋਂ ਨਵੇਂ ਸਿਰੇ ਖਾਲ ਕੱਢਣ ਦੀ ਕੋਸ਼ਿਸ਼ ਕੀਤੀ ਗਈ ਤਾਂ ਪਿੰਡ ਮੁਛੱਲ ਦੇ ਕਿਸਾਨਾਂ ਨੇ ਕਹਿ ਕੇ ਇਸ ਕੰਮ ਨੂੰ ਰੋਕ ਦਿੱਤਾ ਕਿ ਉਨ੍ਹਾਂ ਦੇ ਪਿੰਡ ਦੀ ਹੱਦ ਵਿਚ ਸਿਰਫ਼ ਮੁਛੱਲ ਪਿੰਡ ਨੂੰ ਜਾਣ ਵਾਲਾ ਖਾਲ ਹੀ ਕੱਢਿਆ ਜਾਵੇ | ਮੌਕੇ 'ਤੇ ਨਹਿਰੀ ਅਤੇ ਮਾਲ ਵਿਭਾਗ ਦੇ ਐੱਸ.ਡੀ.ਓ. ਸੁਖਬੀਰ ਸਿੰਘ, ਕਾਨੂੰਨਗੋ ਸਤਨਾਮ ਸਿੰਘ, ਪਟਵਾਰੀ ਮੇਹਰਬਾਨ ਸਿੰਘ, ਨਹਿਰੀ ਵਿਭਾਗ ਦੇ ਜੇ.ਈ. ਹਰਮਨ ਸਿੰਘ, ਪਟਵਾਰੀ ਹਰਿੰਦਰ ਸਿੰਘ, ਪ੍ਰਭਜੋਤ ਸਿੰਘ, ਗੁਰਦੇਵ ਸਿੰਘ, ਨਿਸ਼ਾਨ ਸਿੰਘ, ਹਰਜਿੰਦਰ ਸਿੰਘ ਅਤੇ ਪੁਲਿਸ ਚੌਂਕੀ ਟਾਂਗਰਾ ਦੇ ਇੰਚਾਰਜ ਸਿਕੰਦਰ ਲਾਲ ਸਮੇਤ ਏ.ਐੱਸ.ਆਈ. ਹਜ਼ਾਰਾ ਸਿੰਘ ਹਾਜ਼ਰ ਸਨ | ਜਦੋਂ ਪੱਤਰਕਾਰਾਂ ਵਲੋਂ ਐੱਸ.ਡੀ.ਓ. ਸੁਖਬੀਰ ਸਿੰਘ ਨੂੰ ਤਿੰਨ ਪਿੰਡਾਂ ਨੂੰ ਜਾਣ ਵਾਲੇ ਨਹਿਰੀ ਖਾਲਾਂ ਦੇ ਵਿਭਾਗੀ ਨਕਸ਼ਿਆਂ ਵਿਚੋਂ ਗਾਇਬ ਹੋਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਸੰਭਵ ਹੈ ਇਹ ਖਾਲ ਪਹਿਲਾਂ ਜ਼ਬਾਨੀ ਕਲਾਮੀ ਤੌਰ 'ਤੇ ਛੱਡੇ ਗਏ ਹੋਣ | ਹਾਲਾਂਕਿ ਕਿਸਾਨਾਂ ਦਾ ਕਹਿਣਾ ਹੈ ਕਿ ਇਹ ਖਾਲ ਪਿਛਲੇ ਕਈ ਦਹਾਕਿਆਂ ਤੋਂ ਲਗਾਤਾਰ ਵਰਤੋਂ ਵਿਚ ਹਨ | ਇਸ ਮੌਕੇ ਪਿੰਡ ਮੁੱਛਲ ਦੇ ਸਾਬਕਾ ਸਰਪੰਚ ਸੁਖਰਾਜ ਸਿੰਘ, ਪਿੰਡ ਧੂਲਕਾ ਦੇ ਸਰਪੰਚ ਵਰਿੰਦਰ ਸਿੰਘ, ਨੰਬਰਦਾਰ ਸੁਖਵਿੰਦਰ ਸਿੰਘ ਸੁੱਖਾ, ਮੈਂਬਰ ਜਗੀਰ ਸਿੰਘ, ਸਾਬਕਾ ਮੈਂਬਰ ਸਰਬਜੀਤ ਸਿੰਘ ਅਤੇ ਸਰਬਜੀਤ ਸਿੰਘ ਛੱਬਾ ਆਦਿ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਇੰਟਰ ਸਕੂਲ ਮੁਕਾਬਲਿਆਂ ਨਾਮਣਾ ਖੱਟਿਆ ਅਗਲੀ ਖ਼ਬਰ ਹਰਭਜਨ ਸਿੰਘ ਈ. ਟੀ. ਓ. ਵਲੋਂ ਬੀਬੀ ਅਮਰਜੀਤ ਕੌਰ ਮਾਲੋਵਾਲ ਦੇ ਹੱਕ 'ਚ ਪ੍ਰਚਾਰ
Ad Position 24