ਤਰਨ ਤਾਰਨ, 18 ਦਸੰਬਰ (ਹਰਿੰਦਰ ਸਿੰਘ)-ਖੇਲੋ ਇੰਡੀਆ ਅਸ਼ਮਿਤਾ ਟੈਨਿਸ ਬਾਲ ਕਿ੍ਕਟ ਲੀਗ 2025-26 ਵਿਚ ਕੁੱਲ 10 ਟੀਮਾਂ ਨੇ ਭਾਗ ਲਿਆ | ਇਹ ਮੁਕਾਬਲੇ ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਅੰਮਿ੍ਤਸਰ (ਪੰਜਾਬ) ਦੇ ਮੈਦਾਨ ਵਿਚ ਕਰਵਾਏ ਗਏ | ਇਸ ਲੀਗ ਵਿਚ ਦੀ ਅਲਪਾਈਨ ਸਕੂਲ ਤਰਨ ਤਾਰਨ, ਏ.ਪੀ.ਕੇ.ਐਫ., ਟਾਗੋਰ ਸਿਸ਼ੁੂ ਵਾਟਿਕਾ ਪਬਲਿਕ ਸਕੂਲ, ਰਾਜ ਮੈਮੋਰਿਯਲ ਅਜਨਾਲਾ, ਸੇਂਟ ਮੇਰੀ ਕਾਨਵੈਂਟ ਸਕੂਲ, ਸ੍ਰੀ ਗੁਰੂ ਰਾਮਦਾਸ ਸਕੂਲ ਸਮੇਤ ਕਈ ਸਕੂਲਾਂ ਦੀਆਂ ਟੀਮਾਂ ਨੇ ਸ਼ਿਰਕਤ ਕੀਤੀ | ਦੀ ਅਲਪਾਈਨ ਸਕੂਲ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣਾ ਪਹਿਲਾ ਮੈਚ ਟੈਗੋਰ ਸ਼ਿਸ਼ੂ ਵਾਟਿਕਾ ਪਬਲਿਕ ਸਕੂਲ ਵਿਰੁੱਧ 22 ਦੌੜਾਂ ਨਾਲ ਜਿੱਤਿਆ | ਖਿਡਾਰੀਆਂ ਨੇ ਟੂਰਨਾਮੈਂਟ ਦੌਰਾਨ ਅਨੁਸ਼ਾਸਨ, ਟੀਮ ਵਰਕ ਅਤੇ ਖੇਡ ਭਾਵਨਾ ਦਾ ਬਿਹਤਰੀਨ ਪ੍ਰਦਰਸ਼ਨ ਕੀਤਾ | ਕਠਿਨ ਮੁਕਾਬਲਿਆਂ ਤੋਂ ਬਾਅਦ ਦ ਅਲਪਾਈਨ ਸਕੂਲ ਨੇ ਖੇਲੋ ਇੰਡੀਆ ਅਸ਼ਮਿਤਾ ਟੈਨਿਸ ਬਾਲ ਕਿ੍ਕਟ ਲੀਗ 2025-26 ਵਿਚ ਤੀਜਾ ਸਥਾਨ ਹਾਸਲ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਸਕੂਲ ਪ੍ਰਬੰਧਨ ਨੇ ਟੀਮ ਦੇ ਸਾਰੇ ਖਿਡਾਰੀਆਂ, ਕੋਚਾਂ ਅਤੇ ਮਾਪਿਆਂ ਨੂੰ ਇਸ ਉਪਲਬਧੀ ਲਈ ਵਧਾਈ ਦਿੱਤੀ ਅਤੇ ਭਵਿੱਖ ਵਿਚ ਹੋਰ ਵਧੀਆ ਪ੍ਰਦਰਸ਼ਨ ਦੀ ਕਾਮਨਾ ਕੀਤੀ |