ਤਰਨ ਤਾਰਨ, 19 ਦਸੰਬਰ (ਹਰਿੰਦਰ ਸਿੰਘ)-ਨਜ਼ਦੀਕੀ ਪਿੰਡ ਕੱਦਗਿੱਲ ਵਿਖੇ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਅਤੇ ਸਮੁੱਚੇ ਸ਼ਹੀਦਾਂ ਦੀ ਯਾਦ ਵਿਚ ਗੁਰਦੁਆਰਾ ਪ੍ਰਬੰਧਕ ਕਮੇਟੀ, ਭਾਈ ਜੈਤਾ ਜੀ ਵੈਲਫੇਅਰ ਫਾਊਾਡੇਸ਼ਨ, ਪਿੰਡ ਅਤੇ ਇਲਾਕਾ ਨਿਵਾਸੀਆ ਦੇ ਸਹਿਯੋਗ ਨਾਲ ਸਲਾਨਾ ਜੋੜ ਮੇਲਾ ਬੜੀ ਧੂੰਮਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ ਗੁਰਦੁਆਰਾ ਸਾਹਿਬ ਵਿਖੇ 5 ਸ੍ਰੀ ਅਖੰਡ ਪਾਠ ਦੇ ਭੋਗ ਪੈਣ ਉਪਰੰਤ ਖੁੱਲ੍ਹੇ ਪੰਡਾਲ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ | ਉਪਰੰਤ ਭਾਈ ਸੁਖਦੇਵ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਨੇ ਕੀਰਤਨ ਕਰਕੇ ਵਿਚਾਰਾਂ ਦੀ ਸਾਂਝ ਪਾਈ | ਇਸ ਮੌਕੇ ਭਾਈ ਨਿਸ਼ਾਨ ਸਿੰਘ ਝਬਾਲ ਦੇ ਜਥੇ ਵਲੋਂ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਜੀਵਨ ਦੇ ਇਤਿਹਾਸ ਤੋਂ ਜਾਣੂ ਕਰਵਾਇਆ | ਉਪਰੰਤ ਬੀਬੀ ਦਲੇਰ ਕੌਰ ਖ਼ਾਲਸਾ ਨੇ ਆਪਣੇ ਜਥੇ ਸਮੇਤ ਸੰਗਤ ਨੂੰ ਬਾਬਾ ਜੀਵਨ ਸਿੰਘ ਜੀ ਦੀ ਸ਼ਹਾਦਤ ਤੋਂ ਜਾਣੂ ਕਰਵਾਇਆ | ਇਸ ਮੌਕੇ ਉਨ੍ਹਾਂ ਅੱਜ ਸਮੇਂ ਵਿਚ ਫੈਲ ਰਹੇ ਪਤਿਤ ਪੁਣੇ ਤੋਂ ਦੂਰ ਰਹਿ ਕੇ ਅੰਮਿ੍ਤਪਾਨ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ੍ਹ ਲੱਗਣ ਲਈ ਪ੍ਰੇਰਿਤ ਕੀਤਾ | ਸ਼ਾਮ ਵੇਲੇ ਪਿੰਡ ਦੇ ਜੰਮਪਲ ਪ੍ਰਵਾਸੀ ਭਾਰਤੀ ਗੁਰਜੰਟ ਸਿੰਘ ਗਿੱਲ, ਜਗਰੂਪ ਸਿੰਘ ਗਿੱਲ ਦੇ ਸਹਿਯੋਗ ਨਾਲ ਪਿੰਡ ਵਿਖੇ ਮਾਈ ਭਾਗੋ ਅਕੈਡਮੀ ਜਗਤਪੁਰ ਅਤੇ ਬਾਬਾ ਦੀਪ ਸਿੰਘ ਅਕੈਡਮੀ ਮੁਹਾਲੀ ਦੀਆਂ ਟੀਮਾਂ ਵਿਚਕਾਰ ਲੜਕੀਆਂ ਦੀਆਂ ਨਾਮਵਰ ਟੀਮਾਂ ਵਿਚ ਕਬੱਡੀ ਦਾ ਮੈਚ ਕਰਵਾਇਆ ਗਿਆ | ਇਸ ਕਬੱਡੀ ਮੈਚ ਵਿਚ ਪਿੰਡ ਕੱਦਗਿੱਲ ਦੀ ਜੰਮਪਲ੍ਹ ਕਾਜਲਪ੍ਰੀਤ ਕੌਰ ਵਲੋਂ ਮੈਚ ਵਿਚ ਪਾਈਆਂ ਧੁੰਮਾਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ | ਇਸ ਕਬੱਡੀ ਮੈਚ ਵਿਚ ਦੀਪ ਸਿੰਘ ਅਕੈਡਮੀ ਮੁਹਾਲੀ ਪਹਿਲੇ ਅਤੇ ਮਾਈ ਭਾਗੋ ਅਕੈਡਮੀ ਜਗਤਪੁਰ ਦੂਸਰੇ ਸਥਾਨ 'ਤੇ ਰਹੀ | ਇਸ ਮੌਕੇ ਪਿੰਡ ਦੇ ਨੌਜਵਾਨਾਂ ਵਲੋਂ ਜਿੱਥੇ ਸਾਰਾ ਦਿਨ ਫਰੂਟ ਅਤੇ ਕੌਫੀ ਅਤੇ ਬਾਬਾ ਮੋਤੀ ਰਾਮ ਮਹਿਰਾ ਜੀ ਸੁਸਾਇਟੀ ਵਲੋਂ ਦੁੱਧ ਦਾ ਲੰਗਰ ਲਗਾਇਆ ਗਿਆ | ਜੇਤੂ ਟੀਮਾਂ ਨੂੰ ਪ੍ਰਵਾਸੀ ਭਾਰਤੀ ਦੇ ਪਿਤਾ ਭਰਾ ਜਗਰੂਪ ਸਿੰਘ, ਹਰਭੇਜ ਸਿੰਘ ਗਿੱਲ ਵਲੋਂ ਸਮੁੱਚੀ ਸਥਾਨਿਕ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹਾਜ਼ਰੀ ਵਿਚ ਨਗਦ ਇਨਾਮ ਤੇ ਸਨਮਾਨ ਚਿੰਨ੍ਹ ਦੇ ਕੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਮੇਲਾ ਪ੍ਰਬੰਧਕ ਤੋਂ ਟੀਮ ਵਲੋਂ ਕਬੱਡੀ ਖਿਡਾਰੀ ਕਾਜਲਪ੍ਰੀਤ ਕੌਰ ਅਤੇ ਹਰਮਨ ਪਿਆਰੇ ਰੈਫ਼ਰੀ ਖਜਾਨ ਸਿੰਘ ਨੂੰ ਵਿਸ਼ੇਸ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਬਾਬਾ ਕਸ਼ਮੀਰ ਸਿੰਘ ਗ੍ਰੰਥੀ, ਬਾਬਾ ਦਿਲਬਾਗ ਸਿੰਘ, ਗੁਰਪ੍ਰੀਤ ਸਿੰਘ ਕੱਦਗਿੱਲ, ਜਤਿੰਦਰ ਸਿੰਘ, ਸਤਨਾਮ ਸਿੰਘ, ਸੁਖਬੀਰ ਸਿੰਘ ਬੱਬਾ, ਸਾਹਿਲਦੀਪ ਸਿੰਘ, ਜਸਬੀਰ ਸਿੰਘ, ਬਾਬਾ ਕੁਲਵੰਤ ਸਿੰਘ, ਜਸਬੀਰ ਸਿੰਘ ਕਾਕੂ, ਕੁਲਦੀਪ ਸਿੰਘ, ਨਿਰਵੈਲ ਸਿੰਘ, ਯਾਦਵਿੰਦਰ ਸਿੰਘ, ਅੰਗਰੇਜ ਸਿੰਘ ਆਦਿ ਵੀ ਹਾਜ਼ਰ ਸਨ |