ਤਰਨ ਤਾਰਨ, 21 ਦਸੰਬਰ (ਹਰਿੰਦਰ ਸਿੰਘ)-ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਵਲੋਂ ਨਸ਼ਾ ਤਸਕਰਾਂ ਖ਼ਿਲਾਫ਼ ਚਲਾਈ ਗਈ ਮੁਹਿੰਮ ਤਹਿਤ ਡੀ.ਆਈ.ਜੀ. ਫਿਰੋਜ਼ਪੁਰ ਰੇਂਜ ਸਨੇਹਦੀਪ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਤਰਨ ਤਾਰਨ ਦੇ ਐਸ.ਐਸ.ਪੀ. ਸੁਰਿੰਦਰ ਲਾਂਬਾ ਦੀ ਅਗਵਾਈ ਹੇਠ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਤਰਨ ਤਾਰਨ ਪੁਲਿਸ ਵਲੋਂ ਪੱਟੀ ਸ਼ਹਿਰ ਵਿਚ ਇਕ ਨਸ਼ਾ ਤਸਕਰ ਦੇ ਗੈਰ ਕਾਨੂੰਨੀ ਤਰੀਕੇ ਨਾਲ ਬਣਾਏ ਘਰ ਉਪਰ ਪ੍ਰਸ਼ਾਸਨ ਵਲੋਂ ਪੀਲਾ ਪੰਜਾ ਚਲਾਇਆ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਸੁਰਿੰਦਰ ਲਾਂਬਾ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਤਰਨ ਤਾਰਨ ਪੁਲਿਸ ਦੇ ਸਹਿਯੋਗ ਨਾਲ ਪੱਟੀ ਵਿਖੇ ਨਸ਼ਾ ਤਸਕਰ ਰਣਜੀਤ ਸਿੰਘ ਉਰਫ਼ ਰਾਣਾ ਪੁੱਤਰ ਮਲੂਕ ਸਿੰਘ ਵਾਸੀ ਵਾਰਡ ਨੰਬਰ 2 ਪੱਟੀ ਦਾ ਰਿਹਾਇਸ਼ੀ ਮਕਾਨ ਜੇ.ਸੀ.ਬੀ. ਦੀ ਮਦਦ ਨਾਲ ਢਾਹ ਦਿੱਤਾ | ਉਨ੍ਹਾਂ ਦੱਸਿਆ ਕਿ ਰਣਜੀਤ ਸਿੰਘ ਰਾਣਾ ਦੇ ਖ਼ਿਲਾਫ਼ ਪੱਟੀ, ਸਦਰ ਤਰਨ ਤਾਰਨ, ਇਸਲਾਮਾਬਾਦ ਅੰਮਿ੍ਤਸਰ ਥਾਣੇ ਵਿਚ 6 ਐਨ.ਡੀ.ਪੀ.ਐਸ.ਐਕਟ ਤਹਿਤ ਪਰਚੇ ਦਰਜ ਹਨ, ਜਦਕਿ ਪੱਟੀ ਵਿਖੇ ਇਕ ਹੋਰ ਪਰਚਾ ਦਰਜ ਹੈ | ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਲੰਮੇ ਸਮੇਂ ਤੋਂ ਨਸ਼ਾ ਤਸਕਰੀ ਦੇ ਧੰਦੇ ਵਿਚ ਸ਼ਾਮਿਲ ਸੀ | ਉਨ੍ਹਾਂ ਨਸ਼ਾ ਤਸਕਰਾਂ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਕਿ ਜੋ ਵੀ ਵਿਅਕਤੀ ਕਿਸੇ ਦਾ ਘਰ ਬਰਬਾਦ ਕਰਦਾ ਹੈ, ਲੋਕਾਂ ਦੀਆਂ ਜ਼ਿੰਦਗੀਆਂ ਬਰਬਾਦ ਕਰਦਾ ਹੈ, ਉਸ ਨੂੰ ਸੁੱਖ ਨਾਲ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ | ਨਸ਼ਾ ਤਸਕਰ ਰਣਜੀਤ ਸਿੰਘ ਰਾਣੇ ਦਾ ਘਰ ਢਾਹੁਣ ਸਮੇਂ ਐਸ.ਪੀ. ਰਿਪੁਤਾਪਨ ਸਿੰਘ, ਡੀ.ਐਸ.ਪੀ. ਲਵਕੇਸ਼ ਅਤੇ ਹੋਰ ਪੁਲਿਸ ਅਧਿਕਾਰੀ ਮੌਜੂਦ ਸਨ |