ਹਰੀਕੇ ਪੱਤਣ, 22 ਦਸੰਬਰ (ਸੰਜੀਵ ਕੁੰਦਰਾ)- ਕਸਬਾ ਹਰੀਕੇ ਪੱਤਣ ਨਜ਼ਦੀਕ ਰਾਸ਼ਟਰੀ ਮਾਰਗ 54 'ਤੇ ਪੈਂਦੇ ਪਿੰਡ ਮਰਹਾਣਾ ਵਿਖੇ ਸਥਿਤ ਕੋਹਿਨੂਰ ਪੈਲੇਸ 'ਚ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ | ਇਸ ਸੰਬੰਧੀ ਭਰੇ ਮਨ ਨਾਲ ਜਾਣਕਾਰੀ ਦਿੰਦਿਆਂ ਕੋਹਿਨੂਰ ਪੈਲੇਸ ਦੇ ਮਾਲਕ ਨਿਸ਼ਾਨ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਜੰਡਿਆਲਾ ਗੁਰੂ ਨੇ ਦੱਸਿਆ ਪੈਲੇਸ 'ਚ ਮੁਰੰਮਤ ਦਾ ਕੰਮ ਚੱਲ ਰਿਹਾ ਸੀ ਕਿ ਅੱਜ ਦੁਪਹਿਰ 12 ਵਜੇ ਦੇ ਕਰੀਬ ਵੈਲਡਿੰਗ ਦੀ ਚੰਗਿਆੜੀ ਕਾਰਨ ਛੱਤ ਦੀ ਸੀਲਿੰਗ ਨੂੰ ਅੱਗ ਲੱਗ ਗਈ ਜੋ ਦੇਖਦਿਆਂ ਹੀ ਦੇਖਦਿਆਂ ਫੈਲ ਗਈ | ਬੇਕਾਬੂ ਹੋਈ ਅੱਗ 'ਤੇ ਕਾਬੂ ਪਾਉਣ ਲਈ ਤਰਨਤਾਰਨ ਤੋਂ ਫਾਇਰ ਬਿ੍ਗੇਡ ਦੀਆਂ ਗੱਡੀਆਂ ਪਹੁੰਚੀਆਂ | ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ | ਅੱਗ ਦਾ ਪਤਾ ਲੱਗਦਿਆਂ ਹੀ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਦਿਆਲ ਸਿੰਘ ਮਰਹਾਣਾ ਪਿੰਡ ਵਾਸੀਆਂ ਨਾਲ ਮੌਕੇ 'ਤੇ ਪੁੱਜੇ ਅਤੇ ਅੱਗ ਤੇ ਕਾਬੂ ਪਾਉਣ ਲਈ ਯਤਨ ਸ਼ੁਰੂ ਕੀਤੇ | ਫਾਇਰ ਬਿ੍ਗੇਡ ਅਤੇ ਪਿੰਡ ਵਾਸੀਆਂ ਦੀ ਭਾਰੀ ਜੱਦੋ ਜਹਿਦ ਤੇ ਲਗਭਗ 4 ਘੰਟਿਆਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ, ਪਰ ਇਸ ਅੱਗ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ |