ਪੱਟੀ, 22 ਦਸੰਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਕਾਲੇਕੇ)- ਕੁੱਲ ਹਿੰਦ ਕਿਸਾਨ ਸਭਾ ਵਲੋਂ ਸ਼ੁਭ ਕਰਮਨ ਵੈਲਫ਼ੇਅਰ ਸੁਸਾਇਟੀ ਅਤੇ ਹੋਰ ਦਾਨੀ ਸੱਜਣਾਂ ਦੀ ਮਦਦ ਨਾਲ ਪਿੰਡ ਮੱੁਠਿਆਂ ਵਾਲਾ ਵਿਖੇ ਤਿੰਨ ਲੱਖ ਰੁਪਏ ਵੰਡ ਕੇ ਹੜ੍ਹ ਪੀੜਤਾਂ ਦੀ ਮਦਦ ਕੀਤੀ ਗਈ | ਇਸ ਮੌਕੇ ਕੁੱਲ ਹਿੰਦ ਕਿਸਾਨ ਸਭਾ ਦੇ ਵਰਕਿੰਗ ਪ੍ਰਧਾਨ ਮਹਾਂਬੀਰ ਸਿੰਘ ਗਿੱਲ, ਬਲਾਕ ਪ੍ਰਧਾਨ ਬਾਬਾ ਹੀਰਾ ਸਿੰਘ, ਸਕੱਤਰ ਗੁਰਦਿਆਲ ਸਿੰਘ ਵਰਨਾਲਾ ਨੇ ਸੁਸਾਇਟੀ ਅਤੇ ਦਾਨੀ ਸੱਜਣਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਨ੍ਹਾਂ ਪਿੰਡਾਂ ਦੀ ਬੰਨ੍ਹ ਅੰਦਰਲੀ ਜ਼ਮੀਨ ਦਾ ਬਹੁਤ ਨੁਕਸਾਨ ਹੋਇਆ ਸੀ | ਕਈ ਥਾਵਾਂ 'ਤੇ ਹੁਣ ਤੱਕ ਵੀ ਜ਼ਮੀਨ ਪੱਧਰੀ ਨਹੀਂ ਹੋਈ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਹੁਣ ਤੋਂ ਹੀ ਸਰਕਾਰ ਏਧਰ ਧਿਆਨ ਦੇਵੇ ਤਾਂ ਕਿ ਇਹ ਕਿਸਾਨ ਵਾਰ ਵਾਰ ਤਬਾਹ ਨਾ ਹੋਣ | ਉਨ੍ਹਾਂ ਕਿਹਾ ਕਿ ਸਰਕਾਰ ਦਰਿਆ ਨੂੰ ਵੱਡੀ ਨਹਿਰ ਤੇ ਝੀਲਾਂ ਦਾ ਰੂਪ ਦੇਣ ਲਈ ਕਿਸਾਨਾਂ ਤੋਂ 2013 ਦੇ ਕਾਨੂੰਨ ਅਨੁਸਾਰ ਜ਼ਮੀਨ ਐਕਵਾਇਰ ਕਰਨ ਲਈ ਗੱਲਬਾਤ ਕਰੇ, ਜਾਂ ਕੋਈ ਸਥਾਈ ਹੱਲ ਕਰਨ ਲਈ ਸਥਾਨਕ ਲੋਕਾਂ ਨਾਲ ਤਾਲਮੇਲ ਕਰਕੇ ਪੱਕੀ ਸਕੀਮ ਬਣਾਵੇ | ਇਸ ਮੌਕੇ ਮੋਹਨ ਸਿੰਘ ਸਰਪੰਚ ਮੁੱਠਿਆਂਵਾਲਾ, ਸਵਿੰਦਰ ਸਿੰਘ ਤੂਤ, ਹਰਬੰਸ ਸਿੰਘ, ਗੁਰਪ੍ਰੀਤ ਸਿੰਘ ਰਾਮ ਸਿੰਘ ਵਾਲਾ, ਬਲਦੇਵ ਸਿੰਘ ਰਸੂਲਪੁਰ, ਬੀਬੀ ਮਨਜੀਤ ਕੌਰ, ਬਲਜੀਤ ਕੌਰ, ਹਰਜੀਤ ਕੌਰ ਵੀ ਹਾਜ਼ਰ ਸਨ |