ਪੱਟੀ, 24 ਦਸੰਬਰ (ਕੁਲਵਿੰਦਰ ਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)ਚੀਫ਼ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਅੰਮਿ੍ਤਸਰ ਅਧੀਨ ਚੱਲ ਰਹੇ ਸ੍ਰੀ ਗੁਰੂ ਹਰਿਕਿ੍ਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਪੱਟੀ ਵਿਖੇ ਸਾਹਿਬਜ਼ਾਦਿਆਂ ਨੂੰ ਸਮਰਪਿਤ 'ਸ਼ਹੀਦੀ ਹਫ਼ਤਾ' ਮਨਾਇਆ ਗਿਆ | ਇਸ ਮੌਕੇ ਸਕੂਲ 'ਚ ਵਿਸ਼ੇਸ਼ ਗੁਰਮਤਿ ਸਮਾਗਮ ਕੀਤਾ ਗਿਆ | ਜਿਸ ਵਿਚ ਸਕੂਲ ਦੇ ਬੱਚਿਆਂ ਅਤੇ ਅਧਿਆਪਕਾਂ ਦੁਆਰਾ ਸੰਗਤੀ ਰੂਪ ਵਿਚ ਗੁਰੂ ਨਾਨਕ ਦੇਵ ਜੀ ਦੀ ਬਾਣੀ 'ਜਪੁਜੀ ਸਾਹਿਬ' ਦਾ ਪਾਠ ਕੀਤਾ ਗਿਆ | ਇਸ ਸ਼ਹੀਦੀ ਹਫ਼ਤੇ ਦੌਰਾਨ ਸਕੂਲ ਦੇ ਵਿਦਿਆਰਥੀਆਂ ਵਲੋਂ ਸਾਹਿਬਜ਼ਾਦਿਆਂ ਨੂੰ ਸਮਰਪਿਤ ਕਵੀਸ਼ਰੀ, ਕਵਿਤਾਵਾਂ ਪੇਸ਼ ਕੀਤੀਆਂ ਗਈਆਂ | ਸਕੂਲ ਦੇ ਬੱਚਿਆਂ ਵਲੋਂ ਇਸ ਸ਼ਹੀਦੀ ਹਫ਼ਤੇ ਨਾਲ ਸਬੰਧਿਤ ਇਤਿਹਾਸ ਤੋਂ ਜਾਣੂ ਕਰਵਾਇਆ ਗਿਆ | ਇਸ ਮੌਕੇ ਸਕੂਲ ਵਿਚ ਹਾਊਸ ਵਾਈਜ਼ ਕੁਇਜ਼ ਅਤੇ ਕਵਿਤਾ ਮੁਕਾਬਲਾ ਕਰਵਾਇਆ ਗਿਆ | ਕੁਇਜ਼ ਮੁਕਾਬਲੇ ਵਿਚੋਂ ਸਾਹਿਬਜ਼ਾਦਾ ਫਤਿਹ ਸਿੰਘ ਹਾਊਸ ਨੇ ਪਹਿਲਾ, ਸਾਹਿਬਜ਼ਾਦਾ ਜੁਝਾਰ ਸਿੰਘ ਹਾਊਸ ਨੇ ਦੂਸਰਾ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਹਾਊਸ ਨੇ ਤੀਸਰਾ ਸਥਾਨ ਹਾਸਲ ਕੀਤਾ | ਕਵਿਤਾ ਉਚਾਰਨ ਮੁਕਾਬਲੇ ਵਿਚੋਂ ਸਾਹਿਬਜ਼ਾਦਾ ਅਜੀਤ ਸਿੰਘ ਹਾਊਸ ਦੇ ਵਿਦਿਆਰਥੀ ਜੈਤੇਗ ਸਿੰਘ ਨੇ ਪਹਿਲਾ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਹਾਊਸ ਦੇ ਵਿਦਿਆਰਥੀ ਤਨਵੀਰ ਸਿੰਘ ਨੇ ਦੂਸਰਾ, ਸਾਹਿਬਜ਼ਾਦਾ ਫਤਿਹ ਸਿੰਘ ਹਾਊਸ ਦੀ ਵਿਦਿਆਰਥਣ ਨਿਆਮਤ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ | ਇਸ ਮੌਕੇ ਸਕੂਲ ਦੇ ਬੱਚਿਆਂ ਦਾ ਭੁਜੰਗੀ ਮੁਕਾਬਲਾ ਵੀ ਦੋ ਗਰੁੱਪਾਂ ਵਿਚ ਕਰਵਾਇਆ ਗਿਆ, ਜਿਸ ਵਿਚ ਪਹਿਲੇ ਗਰੁੱਪ ਵਿਚ ਪਹਿਲੀ ਕਲਾਸ ਤੱਕ ਅਤੇ ਦੂਜੇ ਗਰੁੱਪ ਵਿਚ ਦੂਸਰੀ ਤੋਂ ਪੰਜਵੀਂ ਕਲਾਸ ਦੇ ਬੱਚਿਆਂ ਨੇ ਭਾਗ ਲਿਆ | ਇਸ ਵਿਚੋਂ ਪਹਿਲੇ ਗਰੁੱਪ ਵਿਚੋਂ ਜਪਨਜੋਤ ਕੌਰ ਨੇ ਪਹਿਲਾ, ਹਰਵੀਨ ਕੌਰ ਨੇ ਦੂਸਰਾ ਅਤੇ ਸੁਖਨੂਰ ਕੌਰ ਨੇ ਤੀਸਰਾ, ਦੂਸਰੇ ਗਰੁੱਪ ਵਿਚੋੋਂ ਗੁਰਸਮਰੱਥ ਸਿੰਘ ਨੇ ਪਹਿਲਾ, ਹਰਵੀਨ ਕੌਰ ਨੇ ਦੂਸਰਾ ਅਤੇ ਗੁਰਫਤਿਹ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ | ਸਾਰੇ ਜੇਤੂ ਬੱਚਿਆਂ ਨੂੰ ਮੈਡਲ ਅਤੇ ਸ਼ੀਲਡਾਂ ਦੇ ਕੇ ਸਨਮਾਨਿਤ ਕੀਤਾ ਗਿਆ | ਸਕੂਲ ਦੇ ਧਾਰਮਿਕ ਅਧਿਆਪਕ ਭਾਈ ਜਗਜੀਤ ਸਿੰਘ ਨੇ ਬੱਚਿਆਂ ਨਾਲ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਜਿਸ ਉਮਰ ਵਿਚ ਦੂਸਰੇ ਧਰਮਾਂ ਦੇ ਰਹਿਬਰਾਂ ਨੂੰ ਸੱਚ ਦਾ ਗਿਆਨ ਹੋਇਆ ਉਸ ਉਮਰ ਵਿੱਚ ਦਸਮੇਸ਼ ਪਿਤਾ ਜੀ ਨੇ ਆਪਣੇ ਪਰਿਵਾਰ ਨੂੰ ਕੌਮ ਉੱਤੋਂ ਨਿਸ਼ਾਵਰ ਕਰ ਚੁੱਕੇ ਸਨ | ਸਕੂਲ ਦੇ ਪਿ੍ੰਸੀਪਲ ਜਸਬੀਰ ਕੌਰ ਸੈਣੀ ਨੇ ਵਿਦਿਆਰਥੀਆਂ ਨੂੰ ਗੁਰੂ ਜੀ ਦੇ ਦਰਸਾਏ ਮਾਰਗ 'ਤੇ ਚੱਲਣ ਦੀ ਸਿੱਖਿਆ ਦਿੰਦਿਆਂ ਕਿਹਾ ਕਿ ਗੁਰੂ ਜੀ ਨੇ ਜੁਲਮ ਦਾ ਸਾਹਮਣਾ ਸਬਰ ਨਾਲ ਕਰਦਿਆਂ ਧਰਮ ਦੀ ਖ਼ਾਤਰ ਆਪਣਾ ਸਰਬੰਸ ਵਾਰ ਦਿੱਤਾ | ਉਨ੍ਹਾਂ ਨੇ ਬੱਚਿਆਂ ਨੂੰ ਸਰਹੰਦ ਜਾ ਕੇ ਸਾਹਿਬਜ਼ਾਦਿਆਂ ਨੂੰ ਸਿਜਦਾ ਕਰਨ ਲਈ ਕਿਹਾ ਅਤੇ ਸਿੱਖੀ ਦੀ ਸ਼ਾਨ ਨੂੰ ਕਾਇਮ ਰੱਖਣ ਲਈ ਪ੍ਰੇਰਿਤ ਕੀਤਾ | ਸਕੂਲ ਦੇ ਮੈਂਬਰ ਇੰਚਾਰਜ਼ ਗੁਰਬੀਰ ਸਿੰਘ ਢਿੱਲੋਂ, ਤਰਲੋਕ ਸਿੰਘ ਅਤੇ ਸਰਬਜੀਤ ਸਿੰਘ ਨੇ ਸਾਰਿਆਂ ਨੂੰ ਅੰਮਿ੍ਤ ਛਕ ਕੇ ਗੁਰੂ ਵਾਲੇ ਬਣਨ ਅਤੇ ਸਿੱਖ ਇਤਿਹਾਸ ਨੂੰ ਪੜ੍ਹ ਕੇ ਜੀਵਨ ਸੇਧ ਲੈਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਸਕੂਲ ਦੇ ਵਾਈਸ ਪਿ੍ੰਸੀਪਲ ਨੀਰੂ ਸ਼ਰਮਾ, ਸੁਪਰਵਾਈਜ਼ਰ ਕਰਮਜੀਤ ਕੌਰ, ਪਰਦੀਪ ਕੌਰ, ਰੁਪਿੰਦਰ ਕੌਰ ਨੰਦਾ, ਰਣਜੀਤ ਕੌਰ, ਹਰਪ੍ਰੀਤ ਕੌਰ ਚੀਮਾ, ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ |