ਤਰਨ ਤਾਰਨ, 24 ਦਸੰਬਰ (ਹਰਿੰਦਰ ਸਿੰਘ)-ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਪਿੰਡ ਅਲੋਵਾਲ ਦੇ ਰਹਿਣ ਵਾਲੇ ਇਕ ਵਿਅਕਤੀ ਵਲੋਂ ਆਪਣੀ ਪਤਨੀ ਅਤੇ ਸਹੁਰਾ ਪਰਿਵਾਰ ਤੋਂ ਤੰਗ ਹੋ ਕੇ ਆਤਮ ਹੱਤਿਆ ਕਰ ਲਈ ਗਈ ਹੈ | ਘਟਨਾ ਦਾ ਸਮਾਚਾਰ ਮਿਲਣ 'ਤੇ ਥਾਣਾ ਗੋਇੰਦਵਾਲ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਿ੍ਤਕ ਵਿਅਕਤੀ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਧਾਰਾ 108 ਬੀ.ਐੱਨ.ਐਸ. ਤਹਿਤ ਮਿ੍ਤਕ ਦੀ ਪਤਨੀ ਸਮੇਤ ਸਹੁਰਾ ਪਰਿਵਾਰਕ ਮੈਂਬਰਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ | ਥਾਣਾ ਗੋਇੰਦਵਾਲ ਵਿਖੇ ਮੱਸਾ ਸਿੰਘ ਪੁੱਤਰ ਦਾਰਾ ਸਿੰਘ ਵਾਸੀ ਪਿੰਡ ਆਲੋਵਾਲ ਜ਼ਿਲ੍ਹਾ ਫਿਰੋਜਪੁਰ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਦਾ ਵੱਡਾ ਲੜਕਾ ਸੁਖਚੈਨ ਸਿੰਘ ਦਾ ਵਿਆਹ 3 ਸਾਲ ਪਹਿਲਾਂ ਰਣਜੀਤ ਕੌਰ ਪੁੱਤਰੀ ਦਿਆਲ ਸਿੰਘ ਵਾਸੀ ਪਿੰਡ ਭੈਲ ਖ਼ਡੂਰ ਸਾਹਿਬ (ਤਰਨਤਾਰਨ) ਨਾਲ ਹੋਇਆ ਸੀ | ਵਿਆਹ ਤੋਂ ਬਾਅਦ ਦੋਵਾਂ ਜੀਆਂ ਵਿਚ ਅਕਸਰ ਲੜਾਈ ਝਗੜਾ ਰਹਿੰਦਾ ਸੀ ਅਤੇ ਉਸ ਦੀ ਨੂੰ ਹ ਰਣਜੀਤ ਕੌਰ ਉਸ ਦੇ ਲੜਕੇ ਨੂੰ ਤੰਗ ਪ੍ਰੇਸ਼ਾਨ ਕਰਦੀ ਰਹਿੰਦੀ ਸੀ | 16 ਦਸੰਬਰ ਦੀ ਰਾਤ ਨੂੰ ਮੇਰੀ ਨੂੰ ਹ ਰਣਜੀਤ ਕੌਰ ਆਪਣੇ ਪਤੀ ਸੁਖਚੈਨ ਸਿੰਘ ਨਾਲ ਝਗੜਾ ਕਰਕੇ ਬਿਨਾਂ ਦੱਸੇ ਆਪਣੇ ਪੇਕੇ ਪਿੰਡ ਚਲੀ ਗਈ | 21 ਦਸੰਬਰ ਨੂੰ ਮੇਰਾ ਲੜਕਾ ਸੁਖਚੈਨ ਸਿੰਘ ਆਪਣੀ ਪਤਨੀ ਰਣਜੀਤ ਕੌਰ ਨੂੰ ਵਾਪਸ ਲੈਣ ਲਈ ਪਿੰਡ ਭੈਲ ਗਿਆ, ਜਿਥੇ ਮੇਰੀ ਨੂੰ ਹ ਰਣਜੀਤ ਕੌਰ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਨਾਲ ਬਦਸਲੂਕੀ ਕੀਤੀ, ਜਿਸ ਬਾਰੇ ਉਸ ਦੇ ਲੜਕੇ ਨੇ ਉਸ ਨੂੰ ਫੋਨ ਕਰਕੇ ਦੱਸਿਆ ਕਿ ਉਸਦੀ ਪਤਨੀ ਰਣਜੀਤ ਕੌਰ ਅਤੇ ਸਹੁਰਾ ਪਰਿਵਾਰ ਬਹੁਤ ਤੰਗ ਕਰ ਰਿਹਾ ਹੈ ਅਤੇ ਮੈਂ ਮਰ ਜਾਣਾ ਹੈ | ਜਦੋਂ ਮੈਂ ਆਪਣੇ ਛੋਟੇ ਲੜਕੇ ਹੀਰਾ ਸਿੰਘ ਨੂੰ ਨਾਲ ਲੈ ਕੇ ਪਿੰਡ ਭੈਲ ਪੁੱਜਾ ਤਾਂ ਦੇਖਿਆ ਕਿ ਉਸਦੇ ਲੜਕੇ ਵਲੋਂ ਕੋਈ ਜ਼ਹਿਰੀਲੀ ਖਾਧੀ ਹੋਈ ਸੀ, ਜਿਸ ਨੂੰ ਤੁਰੰਤ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ ਹੈ | ਥਾਣਾ ਗੋਇੰਦਵਾਲ ਦੀ ਪੁਲਿਸ ਵਲੋਂ ਧਾਰਾ 108 ਬੀ.ਐੱਨ.ਐੱਸ ਤਹਿਤ ਕਾਰਵਾਈ ਕਰਦਿਆਂ ਮਿ੍ਤਕ ਦੀ ਪਤਨੀ ਅਤੇ ਉਸਦੇ ਪਰਿਵਾਰਕ ਮੈਂਬਰਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |