ਤਰਨ ਤਾਰਨ, 26 ਦਸੰਬਰ (ਹਰਿੰਦਰ ਸਿੰਘ)- ਮਾਝਾ ਕਾਲਜ ਫ਼ਾਰ ਵੂਮੈਨ ਤਰਨ ਤਾਰਨ ਦੇ ਐੱਨ.ਐੱਸ.ਐੱਸ ਯੁਨਿਟ ਵਲੋਂ ਪਿੰਡ ਜੋਧਪੁਰ ਵਿਖੇ ਸੱਤ ਰੋਜ਼ਾ ਕੈਂਪ 18 ਤੋਂ 24 ਦਸੰਬਰ ਤੱਕ ਲਗਾਇਆ ਗਿਆ | ਇਸ ਕੈਂਪ ਦਾ ਉਦਘਾਟਨ ਕਾਲਜ ਪਿ੍ੰਸੀਪਲ ਪ੍ਰੋਫ਼ੈਸਰ ਹਰਿਮੰਦਰ ਕੌਰ ਵਲੋਂ ਕੀਤਾ ਗਿਆ | ਕੈਂਪ ਦੇ ਪਹਿਲੇ ਦਿਨ ਐੱਨ.ਐੱਸ.ਐੱਸ ਵਲੰਟੀਅਰਜ਼ ਰਾਸ਼ਟਰੀ ਗੀਤ ਗਾ ਕੇ ਕੈਂਪ ਦੌਰਾਨ ਕੀਤੇ ਜਾਣ ਵਾਲੇ ਕਾਰਜਾਂ ਦੀ ਰੂਪਰੇਖਾ ਨੂੰ ਪੇਸ਼ ਕੀਤਾ | ਵਲੰਟੀਅਰਜ਼ ਨੇ ਨਿਸ਼ਕਾਮ ਸਮਾਜ ਸੇਵਕ ਬਣਨ ਲਈ ਸਹੁੰ ਚੁੱਕੀ | ਕਾਲਜ ਵਿਦਿਆਰਥਣਾਂ ਨੇ ਕੈਂਪ ਦੇ ਦੂਜੇ ਦਿਨ ਜੋਧਪੁਰ ਪਿੰਡ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿਖੇ ਬੇਟੀ ਬਚਾਓ ਬੇਟੀ ਪੜਾਓ ਮੁਹਿੰਮ ਦੇ ਟੀਚਿਆਂ ਨੂੰ ਸਕੂਲ ਦੇ ਵਿਦਿਆਰਥੀਆਂ ਨਾਲ ਸਾਂਝਾ ਕੀਤਾ | ਤੀਜੇ ਦਿਨ ਟ੍ਰੈਫਿਕ ਪੁਲਿਸ ਵਿਭਾਗ ਦੀ ਮਦਦ ਨਾਲ ਜਨਸਧਾਰਨ ਨੂੰ ਟ੍ਰੈਫਿਕ ਨੇਮਾਂ ਸੰਬੰਧੀ ਜਾਣੂ ਕਰਵਾਇਆ ਗਿਆ | ਔਰਤਾਂ ਸਵੈ ਰੱਖਿਆ ਨੂੰ ਮੁੱਖ ਰੱਖਦਿਆਂ ਕੈਂਪ ਦੇ ਕ੍ਰਮਵਾਰ ਚੌਥੇ ਤੇ ਪੰਜਵੇਂ ਦਿਨ ਵਲੰਟੀਅਰਜ਼ ਤੇ ਚਾਹਵਾਨ ਜੋਧਪੁਰ ਪਿੰਡ ਦੀਆਂ ਕੁੜੀਆਂ ਲਈ ਸੈਲਫ ਡਿਫੈਂਸ ਟ੍ਰੇਨਿੰਗ ਦਾ ਅਯੋਜਨ ਕੀਤਾ ਗਿਆ | ਕੈਂਪ ਦੇ ਛੇਵੇਂ ਦਿਨ ਵਲੰਟੀਅਰਜ਼ ਨੇ ਵਾਤਾਵਰਣ ਬਚਾਓ ਦਾ ਸੁਨੇਹਾ ਜਨਸਧਾਰਨ ਤੱਕ ਪਹੁੰਚਾਉਣ ਦਾ ਯਤਨ ਕੀਤ | ਕੈਂਪ ਦੇ ਸੱਤਵੇਂ ਦਿਨ ਵਲੰਟੀਅਰਜ਼ ਨੇ ਕੈਂਪ ਦੌਰਾਨ ਸਿੱਖੇ ਮਾਨਵੀਂ ਅਹਿਸਾਸ ਸੰਬੰਧੀ ਵਿਚਾਰ ਸਾਂਝੇ ਕੀਤੇ | ਐੱਨ.ਐੱਸ.ਐੱਸ. ਯੁਨਿਟ ਦੇ ਕੁਆਰਡੀਨੇਟਰ ਡਾ. ਪਰਮਜੀਤ ਕੌਰ ਤੇ ਪ੍ਰੋਫੈਸਰ ਅਨੂਦੀਪ ਰੰਧਾਵਾ ਨੇ ਸੱਤ ਰੋਜ਼ਾ ਰਿਪੋਰਟ ਪੇਸ਼ ਕਰਦਿਆਂ ਦੱਸਿਆ ਕਿ ਕੈਂਪ ਦੌਰਾਨ ਬੜੀ ਤਨਦੇਹੀ ਨਾਲ ਵਲੰਟੀਅਰਜ਼ ਨੇ ਨਿਸ਼ਕਾਮ ਸੇਵਾ ਕੀਤੀ ਹੈ | ਵਿਦਿਆਰਥਣਾਂ ਦੀਆਂ ਗਤੀਵਿਧੀਆਂ ਉਨ੍ਹਾਂ ਅੰਦਰ ਵੱਸਦੀ ਇਨਸਾਨੀਅਤ ਦੇ ਜਜ਼ਬੇ ਨੂੰ ਰੂਪਮਾਨ ਕਰਦੀ ਰਹੀ |ਕਾਲਜ ਪਿ੍ੰਸੀਪਲ ਪ੍ਰੋਫ਼ੈਸਰ ਹਰਿਮੰਦਰ ਕੌਰ ਨੇ ਐੱਨ.ਐੱਸ.ਐੱਸ. ਯੁਨਿਟ ਦੁਆਰਾ ਕੀਤੇ ਜਾਂਦੇ ਕਾਰਜਾਂ ਦੀ ਸ਼ਲਾਘਾ ਕੀਤੀ | ਇਸ ਦੌਰਾਨ ਕੈਂਪ ਲਗਾਉਣ ਵਾਲੇ ਵਲੰਟੀਅਰਜ਼ ਨੂੰ ਕਾਲਜ ਪਿ੍ੰਸੀਪਲ ਵਲੋਂ ਸਰਟੀਫਿਕੇਟ ਤੇ ਸਨਮਾਨ ਚਿੰਨ੍ਹ ਭੇਂਟ ਕੀਤੇ ਗਏ | ਕੈਂਪ ਦੌਰਾਨ ਵਲੰਟੀਅਰਜ਼ ਲਈ ਰਿਫਰੈਸ਼ਮੈਂਟ ਅਤੇ ਭੋਜਨ ਦਾ ਖਾਸ ਪ੍ਰਬੰਧ ਕੀਤਾ ਗਿਆ |