ਚੋਹਲਾ ਸਾਹਿਬ, 28 ਦਸੰਬਰ (ਬਲਵਿੰਦਰ ਸਿੰਘ)-ਇਲਾਕੇ ਦੀ ਸਿਰਮੌਰ ਵਿੱਦਿਅਕ ਸੰਸਥਾ ਸ੍ਰੀ ਗੁਰੂ ਅਰਜਨ ਦੇਵ ਜੀ ਪਬਲਿਕ ਸਕੂਲ ਖਾਰਾ ਰੋਡ ਚੋਹਲਾ ਸਾਹਿਬ ਦੇ ਵਿਹੜੇ ਵਿਚ ਸ਼ਹੀਦੀ ਹਫਤੇ 'ਤੇ ਸ਼ਹੀਦਾਂ ਨੂੰ ਸਿਜਦਾ ਕਰਨ ਲਈ ਧਾਰਮਿਕ ਸਮਾਗਮ ਕਰਾਇਆ ਗਿਆ, ਜਿਸ 'ਚ ਇਲਾਕੇ ਦੀਆਂ ਨਾਮਵਰ ਸ਼ਖ਼ਸੀਅਤਾਂ, ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ | ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਰਵੀਇੰਦਰ ਸਿੰਘ ਗਿੱਲ ਸਭਰਾ ਨੇ ਦੱਸਿਆ ਕਿ ਇਸ ਸਮਾਗਮ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਸੰਗਤੀ ਰੂਪ ਵਿਚ ਸ੍ਰੀ ਸੁਖਮਨੀ ਸਾਹਿਬ ਦਾ ਜਾਪ ਕੀਤਾ ਗਿਆ | ਉਪਰੰਤ ਸਿੱਖ ਜਗਤ ਦੇ ਪ੍ਰਸਿੱਧ ਕਥਾਵਾਚਕ ਗਿਆਨੀ ਹਰਪ੍ਰੀਤ ਸਿੰਘ ਨੇ ਪਰਿਵਾਰ ਵਿਛੋੜੇ ਤੋਂ ਲੈ ਕੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਦੇ ਮੰਜਰ ਨੂੰ ਸੰਗਤ ਅੱਗੇ ਬਹੁਤ ਹੀ ਵੈਰਾਗਮਈ ਲਹਿਜੇ ਵਿਖੇ ਪੇਸ਼ ਕੀਤਾ ਗਿਆ | ਸਕੂਲ ਦੇ ਮੁੱਖ ਸੰਚਾਲਕ ਅਤੇ ਪਿ੍ੰਸੀਪਲ ਡਾ. ਪ੍ਰਮਿੰਦਰ ਕੌਰ ਖਹਿਰਾ ਨੇ ਇਸ ਹਫ਼ਤੇ ਦੌਰਾਨ ਹੋਈਆਂ ਸ਼ਹਾਦਤਾਂ ਦੀ ਲਹੂ ਭਿੱਜੀ ਦਾਸਤਾਨ ਨੂੰ ਸੰਗਤਾਂ ਨਾਲ ਸਾਂਝਾ ਕਰਦਿਆਂ ਮੌਜੂਦਾ ਸਮੇਂ ਵਿਚ ਇਨ੍ਹਾਂ ਸ਼ਹਾਦਤਾਂ ਤੋਂ ਪ੍ਰੇਰਨਾ ਲੈ ਕੇ ਅਜੋਕੇ ਸਮਾਜ ਨੂੰ ਦਰਪੇਸ਼ ਸਮੱਸਿਆਂ ਨੂੰ ਹੱਲ ਕਰਨ ਲਈ ਅੱਗੇ ਆਉਣ ਦੀ ਬਹੁਤ ਭਾਵੁਕ ਅਪੀਲ ਕੀਤੀ, ਤਾਂ ਜੋ ਅਸੀਂ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਗੁਰੂ ਆਸੇ ਨਾਲ ਜੋੜ ਕੇ ਕਿਸੇ ਨਾ ਬਰਾਬਰੀ ਵਾਲੇ ਸਮਾਜ ਨੂੰ ਬਦਲਣ ਵਿਚ ਆਪਣਾ ਯੋਗਦਾਨ ਪਾ ਸਕੀਏ | ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵਲੋਂ ਪੇਸ਼ ਕੀਤੇ ਗਏ ਪ੍ਰੋਗਰਾਮ ਦੀ ਦਰਸ਼ਕਾਂ ਵਲੋਂ ਭਰਪੂਰ ਸ਼ਲਾਘਾ ਕੀਤੀ ਗਈ | ਇਸ ਸਮੇਂ ਸਾਬਕਾ ਡੀ.ਆਰ. ਤਰਲੋਚਨ ਸਿੰਘ ਨੇ ਕਿਹਾ ਕਿ ਸਾਰੇ ਵਿੱਦਿਅਕ ਅਦਾਰਿਆਂ ਨੂੰ ਇਹ ਪ੍ਰੋਗਰਾਮ ਕਰਵਾ ਕੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ | ਇਸ ਸਮੇਂ ਹੋਰਨਾਂ ਤੋਂ ਇਲਾਵਾ ਹਰਪ੍ਰੀਤ ਸਿੰਘ ਤਰਨ ਤਾਰਨ, ਬਲਬੀਰ ਸਿੰਘ, ਪ੍ਰਭਜੀਤ ਸਿੰਘ ਚੰਬਾ, ਆਲਮਜੀਤ ਸਿੰਘ ਗੰਡੀਵੰਡ, ਹਰਜੀਤ ਕੌਰ, ਬਲਜੀਤ ਸਿੰਘ ਅਤੇ ਸਟਾਫ ਹਾਜ਼ਰ ਸੀ |