ਤਰਨ ਤਾਰਨ, 30 ਦਸੰਬਰ (ਪਰਮਜੀਤ ਜੋਸ਼ੀ)-ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਤਰਨ ਤਾਰਨ ਦੀ ਅਹਿਮ ਮੀਟਿੰਗ ਸਥਾਨਕ ਗਾਂਧੀ ਪਾਰਕ ਤਰਨ ਤਾਰਨ ਵਿਖੇ ਕੌਮੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਤਰਸੇਮ ਸਿੰਘ ਲੁਹਾਰ ਦੀ ਪ੍ਰਧਾਨਗੀ ਹੇਠ ਹੋਈ | ਇਸ ਮੀਟਿੰਗ ਵਿਚ ਕਿਰਤੀ ਕਿਸਾਨ ਯੂਨੀਅਨ, ਪੰਜਾਬ ਕਿਸਾਨ ਯੂਨੀਅਨ, ਜਮਹੂਰੀ ਕਿਸਾਨ ਸਭਾ, ਕੁਲ ਹਿੰਦ ਕਿਸਾਨ ਸਭਾ, ਕੌਮੀ ਕਿਸਾਨ ਯੂਨੀਅਨ ਨੇ ਭਾਗ ਲਿਆ | ਇਸ ਮੀਟਿੰਗ ਵਿਚ ਸੰਯੁਕਤ ਕਿਸਾਨ ਮੋਰਚਾ ਪੰਜਾਬ ਵਲੋਂ ਲਏ ਗਏ ਫ਼ੈਸਲਿਆਂ ਦੀ ਰੌਸ਼ਨੀ ਵਿਚ 28 ਦਸੰਬਰ ਤੋਂ ਚਾਰ ਜਨਵਰੀ ਤੱਕ ਚੇਤਨਾ ਮਾਰਚ ਕੱਢਣ ਦੀਆਂ ਤਿਆਰੀਆਂ ਸੰਬੰਧੀ ਫੈਸਲਾ ਕੀਤਾ ਗਿਆ, ਕਿਉਂਕਿ ਕੇਂਦਰ ਸਰਕਾਰ ਵਲੋਂ ਬਿਜਲੀ ਸੋਧ ਬਿਲ 2025, ਬੀਜ ਸੋਧ ਬਿੱਲ, ਚਾਰ ਕਿਰਤ ਕਾਨੂੰਨਾਂ ਦੀ ਤਬਦੀਲੀ ਅਤੇ ਮਨਰੇਗਾ ਦੀ ਸਕੀਮ ਨੂੰ ਮੁੱਢੋਂ ਹੀ ਖਤਮ ਕਰਨ ਦੀਆਂ ਯੋਜਨਾਵਾਂ ਦੇ ਵਿਰੋਧ ਵਿਚ 16 ਜਨਵਰੀ 2026 ਨੂੰ ਡਿਪਟੀ ਕਮਿਸ਼ਨਰ ਦਫਤਰ ਦੇ ਸਾਹਮਣੇ 12 ਤੋਂ 3 ਵਜੇ ਤੱਕ ਬਹੁਤ ਹੀ ਵਿਸ਼ਾਲ ਪ੍ਰਦਰਸ਼ਨ ਕੀਤੇ ਜਾਣਗੇ, ਜਿਨਾਂ ਵਿਚ ਕਿਸਾਨ, ਮਜ਼ਦੂਰ, ਮੁਲਾਜ਼ਮ ਨੌਜਵਾਨ ਅਤੇ ਵਿਦਿਆਰਥੀ ਸਭ ਰਲ ਕੇ ਵਿਰੋਧ ਪ੍ਰਗਟ ਕਰਨਗੇ | 16 ਜਨਵਰੀ ਦੀ ਤਿਆਰੀ ਲਈ 10 ਜਨਵਰੀ ਨੂੰ ਸਮੂਹ ਜਥੇਬੰਦੀਆਂ ਦੀ ਇਕ ਵੱਡੀ ਮੀਟਿੰਗ ਗਾਂਧੀ ਪਾਰਕ ਵਿਚ ਕੀਤੀ ਜਾਵੇਗੀ | ਕੇਂਦਰ ਸਰਕਾਰ ਜਿਹੜੀ ਕਿ ਕੁਝ ਚੰਦ ਸਰਮਾਏਦਾਰ ਘਰਾਣਿਆਂ ਦੀ ਖਾਤਰ ਦੇਸ਼ ਦੀ ਬਹੁਤ ਵੱਡੀ ਕੰਮ ਕਰਨ ਵਾਲੀ ਆਬਾਦੀ ਦੇ ਵਿਰੋਧ ਵਿਚ ਸਭ ਕਾਨੂੰਨ ਬਣਾ ਅਤੇ ਸੋਧ ਰਹੀ ਹੈ | ਇਸ ਦੇ ਵਿਰੋਧ ਵਿਚ ਲੋਕਾਂ ਅੰਦਰ ਚੇਤਨਾ ਫੈਲਾਉਣ ਲਈ ਤਰਨ ਤਾਰਨ ਜ਼ਿਲ੍ਹੇ ਅੰਦਰ ਤਿੰਨ ਜਨਵਰੀ ਅਤੇ ਚਾਰ ਜਨਵਰੀ 2026 ਨੂੰ ਸਾਰੇ ਜ਼ਿਲ੍ਹੇ ਵਿਚ ਵੱਖ-ਵੱਖ ਥਾਈਾ ਚੇਤਨਾ ਮਾਰਚ ਮੋਟਰਸਾਈਕਲ ਮਾਰਚ ਕੱਢ ਕੇ ਇਨ੍ਹਾਂ ਬਿੱਲਾਂ ਸੰਬੰਧੀ ਇਕ ਦਵਰਕੀ ਲੋਕਾਂ ਵਿਚ ਵੰਡੀ ਜਾਵੇਗੀ, ਤਾਂ ਜੋ ਲੋਕਾਂ ਨੂੰ ਸਰਕਾਰ ਦੇ ਘਟੀਆ ਮਨਸੂਬਿਆਂ ਪ੍ਰਤੀ ਜਾਗਰੂਕ ਕੀਤਾ ਜਾ ਸਕੇ | ਇਸ ਮੀਟਿੰਗ ਵਿੱਚ ਹੋਰਨਾ ਤੋਂ ਇਲਾਵਾ ਨਛੱਤਰ ਸਿੰਘ ਮੁਗਲਚੱਕ, ਮਨਜੀਤ ਸਿੰਘ ਬੱਗੂ, ਤਰਸੇਮ ਸਿੰਘ ਲੁਹਾਰ, ਗੁਰਚਰਨ ਸਿੰਘ ਸਭਰਾ, ਗੁਰਪ੍ਰੀਤ ਸਿੰਘ ਗੰਡੀਵਿੰਡ, ਦਲਵਿੰਦਰ ਸਿੰਘ ਨੌਸ਼ਹਿਰਾ ਪੰਨੂਆਂ ਆਦਿ ਹਾਜ਼ਰ ਸਨ |