ਲਾਡੋਵਾਲ, 1 ਜੂਨ (ਬਲਬੀਰ ਸਿੰਘ ਰਾਣਾ)-ਵਿਧਾਨ ਸਭਾ ਹਲਕਾ ਗਿੱਲ ਅਤੇ ਥਾਣਾ ਲਾਡੋਵਾਲ ਅਧੀਨ ਆਉਂਦੇ ਪਿੰਡ ਬੱਗਾ ਕਲਾਂ ਵਿਖੇ ਪ੍ਰਾਪਰਟੀ ਕਾਰੋਬਾਰੀ ਦੇ ਘਰ 'ਤੇ ਮੋਟਰਸਾਈਕਲ ਸਵਾਰ ਦੋ ਬਦਮਾਸ਼ਾਂ ਵਲੋਂ ਚਲਾਈਆਂ ਗੋਲੀਆਂ ਕਾਰਨ ਪਿੰਡ ਅਤੇ ਹਲਕੇ ਵਿਚ ਦਹਿਸ਼ਤ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ | ਬੱਗਾ ਕਲਾਂ ਦੇ ਪ੍ਰਾਪਰਟੀ ਕਾਰੋਬਾਰ ਕਰਨ ਵਾਲੇ ਭਗਵੰਤ ਸਿੰਘ ਪੰਧੇਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਬੀਤੀ 29 ਮਈ ਸਮਾਂ ਰਾਤ 12.35 'ਤੇ ਉਨ੍ਹਾਂ ਦੇ ਘਰ ਦੇ ਬਾਹਰ ਮੋਟਰਸਾਈਕਲ 'ਤੇ ਸਵਾਰ ਦੋ ਬਦਮਾਸ਼ ਆਏ, ਉਨ੍ਹਾਂ ਨੇ ਸਾਡੇ ਗੇਟ 'ਤੇ ਗੋਲੀਆਂ ਮਾਰੀਆਂ | ਇਸ ਬਾਰੇ ਉਦੋਂ ਪਤਾ ਲੱਗਿਆ, ਜਦੋਂ ਅਗਲੇ ਦਿਨ ਭਗਵੰਤ ਸਿੰਘ ਪੰਧੇਰ ਨੇ ਆਪਣੇ ਘਰ ਦੇ ਅੰਦਰ ਖੜ੍ਹੀ ਗੱਡੀ ਵੱਲ ਦੇਖਿਆ ਤਾਂ ਗੱਡੀ ਦੇ ਪਿੱਛੇ ਦੋ ਗੋਲੀਆਂ ਲੱਗਣ ਦੇ ਨਿਸ਼ਾਨ ਦੇਖੇ, ਫਿਰ ਉਨ੍ਹਾਂ ਨੇ ਉਸੇ ਵਕਤ ਪੁਲਿਸ ਥਾਣਾ ਲਾਡੋਵਾਲ ਨੂੰ ਸੂਚਿਤ ਕੀਤਾ | ਪੁਲਿਸ ਨੇ ਗੋਲੀ ਚੱਲਣ ਦੀ ਸੂਚਨਾ ਉਚ ਅਧਿਕਾਰੀਆਂ ਨੂੰ ਦਿੱਤੀ ਤੇ ਮੌਕੇ 'ਤੇ ਏ.ਸੀ.ਪੀ. ਰਾਜੇਸ਼ ਸ਼ਰਮਾ, ਕ੍ਰਾਈਮ ਬਰਾਂਚ-1 ਦੇ ਮੁਖੀ ਇੰਸਪੈਕਟਰ ਕੁਲਵੰਤ ਸਿੰਘ ਅਤੇ ਲਾਡੋਵਾਲ ਥਾਣਾ ਮੁਖੀ ਇੰਚਾਰਜ ਗੁਰਸ਼ਿੰਦਰ ਕੌਰ ਪੁਲਿਸ ਮੁਲਾਜ਼ਮਾਂ ਸਮੇਤ ਘਟਨਾ ਸਥਾਨ 'ਤੇ ਪੁੱਜੇ ਅਤੇ ਜਾਂਚ ਵਿਚ ਜੁੱਟ ਗਏ | ਇਸ ਮੌਕੇ ਪੁਲਿਸ ਵਲੋਂ ਆਂਢ ਗੁਆਂਢ ਦੇ ਘਰਾਂ ਵਿਚ ਅਤੇ ਪ੍ਰੋਪਰਟੀ ਕਾਰੋਬਾਰੀ ਦੇ ਘਰ 'ਚ ਲੱਗੇ ਸੀ.ਸੀ. ਟੀਵੀ ਕੈਮਰਿਆਂ ਨੂੰ ਖੰਘਾਲਨ ਉਪਰੰਤ ਪਤਾ ਚੱਲਿਆ ਕਿ 29 ਮਈ ਦੀ ਰਾਤ ਸਮਾਂ 12.35 'ਤੇ ਦੋ ਬਦਮਾਸ਼ ਮੋਟਰਸਾਈਕਲ 'ਤੇ ਆਏ, ਜਿਨ੍ਹਾਂ ਨੇ ਪਹਿਲਾਂ ਇਕ ਗੋਲੀ ਪ੍ਰਾਪਰਟੀ ਕਾਰੋਬਾਰੀ ਦੇ ਘਰ ਦੇ ਗੇਟ 'ਤੇ ਚਲਾਈ ਅਤੇ ਉਥੋਂ ਭੱਜ ਗਏ, ਫਿਰ 3-4 ਮਿੰਟਾਂ ਦੇ ਬਾਅਦ ਫਿਰ ਉਸੇ ਘਰ ਪਹੁੰਚੇ ਅਤੇ ਫਿਰ ਪ੍ਰੋਪਰਟੀ ਕਾਰੋਬਾਰੀ ਦੇ ਗੇਟ 'ਤੇ ਦੂਜੀ ਗੋਲੀ ਵੀ ਚਲਾ ਦਿੱਤੀ ਅਤੇ ਉਥੋਂ ਫਿਰ ਫ਼ਰਾਰ ਹੋ ਗਏ | ਮੋਟਰਸਾਈਕਲ ਸਵਾਰ ਬਦਮਾਸ਼ਾਂ ਵਲੋਂ ਚਲਾਈਆਂ ਗੋਲੀਆਂ ਗੇਟ ਵਿਚ ਵੱਜ ਕੇ ਅੰਦਰ ਖੜ੍ਹੀ ਗੱਡੀ ਦੇ ਪਿੱਛੇ ਜਾ ਵੱਜੀਆਂ | ਪੁਲਿਸ ਵਲੋਂ ਫੋਰੈਂਸਿਕ ਟੀਮ ਦੇ ਨਾਲ ਡੰੂਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਗੋਲੀ ਚਲਾਉਣ ਵਾਲੇ ਬਦਮਾਸ਼ਾਂ ਦੀ ਫੁਟੇਜ ਸੀ.ਸੀ. ਟੀਵੀ ਕੈਮਰਿਆਂ ਰਾਹੀਂ ਚਿਹਰਿਆਂ ਦੀ ਪਹਿਚਾਣ ਹੋ ਸਕੇ | ਫਿਲਹਾਲ ਪੁਲਿਸ ਨੇ ਅਣਪਛਾਤੇ ਬਦਮਾਸ਼ਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ |
<h4> ਮਾਮਲਾ ਪਿੰਡ ਬੱਗਾ ਕਲਾਂ ਦਾ </h4> ਪ੍ਰਾਪਰਟੀ ਕਾਰੋਬਾਰੀ ਦੇ ਘਰ 'ਤੇ ਚਲਾਈਆਂ ਗੋਲੀਆਂ, ਲੋਕਾਂ ਵਿਚ ਦਹਿਸ਼ਤ ਦਾ ਮਾਹੌਲ
ਪਿੰਡ ਬੱਗਾ ਕਲਾਂ ਵਿਖੇ ਮੌਕੇ 'ਤੇ ਪੁੱਜੀ ਪੁਲਿਸ, ਘਰ ਦੇ ਗੇਟ ਅਤੇ ਗੱਡੀ 'ਤੇ ਲੱਗੇ ਗੋਲੀਆਂ ਦੇ ਨਿਸ਼ਾਨ | ਤਸਵੀਰ-ਬਲਬੀਰ ਸਿੰਘ ਰਾਣਾ<br/>
02-06-2025