ਲੁਧਿਆਣਾ, 1 ਜੂਨ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਨੇ ਵੱਖ-ਵੱਖ ਥਾਵਾਂ 'ਤੇ ਛਾਪਾਮਾਰੀ ਕਰਕੇ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ | ਜਾਣਕਾਰੀ ਅਨੁਸਾਰ ਪਹਿਲੇ ਮਾਮਲੇ ਵਿਚ ਸੀਆਈਏ ਸਟਾਫ ਦੀ ਪੁਲਿਸ ਨੇ ਜਸਪਾਲ ਸਿੰਘ ਉਰਫ਼ ਸਾਹਿਲ ਪੁੱਤਰ ਪਰਵਿੰਦਰ ਸਿੰਘ ਵਾਸੀ ਤਰਨਤਾਰਨ ਅਤੇ ਅਵਤਾਰ ਸਿੰਘ ਪੁੱਤਰ ਬਾਜ ਸਿੰਘ ਵਾਸੀ ਤਰਨ ਤਰਨ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 30 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ, ਪੁਲਿਸ ਨੇ ਇਨ੍ਹਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ | ਇਹ ਕਥਿਤ ਦੋਸ਼ੀ ਸ਼ਿਮਲਾਪੁਰੀ ਨੇੜੇ ਜਾ ਰਹੇ ਸਨ ਕਿ ਪੁਲਿਸ ਨੇ ਨਾਕਾਬੰਦੀ ਦੌਰਾਨ ਇਹਨਾਂ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਇਨ੍ਹਾਂ ਦੇ ਕਬਜ਼ੇ ਵਿੱਚੋਂ ਇਹ ਹੈਰੋਇਨ ਬਰਾਮਦ ਕੀਤੀ ਗਈ | ਪੁਲਿਸ ਅਨੁਸਾਰ ਉਕਤ ਕਥਿਤ ਦੋਸ਼ੀ ਪਿਛਲੇ ਕਾਫ਼ੀ ਸਮੇਂ ਤੋਂ ਇਸ ਧੰਦੇ ਵਿਚ ਸਨ ਅਤੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਹੈਰੋਇਨ ਸਪਲਾਈ ਕਰਦੇ ਸਨ | ਦੂਜੇ ਮਾਮਲੇ ਵਿਚ ਪੁਲਿਸ ਨੇ ਮੁਹੰਮਦ ਪਰਵੇਜ਼ ਵਾਸੀ ਟਿੱਬਾ ਰੋਡ ਅਤੇ ਹਰਮਿੰਦਰ ਸਿੰਘ ਵਾਸੀ ਪਿੰਡ ਕਨੇਜਾ ਨੂੰ ਵੀ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 10 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ | ਤੀਜੇ ਮਾਮਲੇ ਵਿਚ ਥਾਣਾ ਡਿਵੀਜ਼ਨ ਨੰਬਰ ਦੋ ਦੀ ਪੁਲਿਸ ਨੇ ਅਮਨ ਕੁਮਾਰ ਵਾਸੀ ਗਣਪਤ ਕਲੋਨੀ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 143 ਗ੍ਰਾਮ ਅਫ਼ੀਮ ਬਰਾਮਦ ਕੀਤੀ ਹੈ | ਕਥਿਤ ਦੋਸ਼ੀ ਚੀਮਾ ਚੌਂਕ ਨੇੜੇ ਸਕੂਟਰ 'ਤੇ ਜਾ ਰਿਹਾ ਸੀ ਕਿ ਪੁਲਿਸ ਨੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ, ਪਰ ਕਥਿਤ ਦੋਸ਼ੀ ਨੇ ਸਕੂਟਰ ਭਜਾ ਲਿਆ | ਪਿੱਛਾ ਕਰਨ 'ਤੇ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ ਅਤੇ ਤਲਾਸ਼ੀ ਲੈਣ ਨੂੰ ਤੁਰੰਤ ਇਹ ਅਫ਼ੀਮ ਬਰਾਮਦ ਕੀਤੀ ਗਈ | ਥਾਣਾ ਡਵੀਜ਼ਨ ਨੰਬਰ ਚਾਰ ਦੀ ਪੁਲਿਸ ਨੇ ਅਮਨ ਵਾਸੀ ਛਾਉਣੀ ਮਹੱਲਾ ਨੂੰ ਕਾਬੂ ਕਰਕੇ ਉੱਤੇ ਕਬਜ਼ੇ ਵਿੱਚੋਂ 20 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀਆਂ ਹਨ | ਪੁਲਿਸ ਨੇ ਉਸ ਖ਼ਿਲਾਫ਼ ਕੇਸ ਕਰ ਲਿਆ ਹੈ ਤੇ ਜਾਂਚ ਕੀਤੀ ਜਾ ਰਹੀ ਹੈ | ਥਾਣਾ ਡਾਬਾ ਦੀ ਪੁਲਿਸ ਨੇ ਵਿੱਕੀ ਕੁਮਾਰ ਵਾਸੀ ਸਤਿਗੁਰੂ ਨਗਰ ਨੂੰ ਕਾਬੂ ਕਰਕੇ ਉਸਦੇ ਕਬਜ਼ੇ ਵਿੱਚੋਂ 50 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ | ਪੁਲਿਸ ਨੇ ਉਸ ਨੰੂ ਸਤਿਗੁਰੂ ਨਗਰ ਨੇੜੇ ਹੀ ਕਾਬੂ ਕੀਤਾ ਹੈ | ਉਸ ਖ਼ਿਲਾਫ਼ ਵੀ ਕੇਸ ਦਰਜ ਕਰ ਲਿਆ ਹੈ ਤੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ |