ਫੁੱਲਾਂਵਾਲ, 1 ਜੂਨ (ਮਨਜੀਤ ਸਿੰਘ ਦੁੱਗਰੀ)-ਖੇੜੀ ਝਮੇੜੀ ਸਕੂਲ ਦੇ ਬਾਲ ਕਲਾਕਾਰਾਂ ਲਈ ਨਿਭਾਈ ਅਹਿਮ ਭੂਮਿਕਾ ਬੱਚਿਆਂ ਤੇ ਨੌਜਵਾਨਾਂ ਲਈ ਉਸਾਰੂ ਗੀਤਾਂ ਲਈ ਜਾਣੇ ਜਾਂਦੇ ਮਾਸਟਰ ਕਰਮਜੀਤ ਸਿੰਘ ਗਰੇਵਾਲ (ਨੈਸ਼ਨਲ ਅਵਾਰਡੀ) ਦੀ ਲਿਖੀ ਤੇ ਨਿਰਦੇਸ਼ਨ ਕੀਤੀ ਫ਼ਿਲਮ ਕੈਨੇਡਾ ਵਿਚ ਹੋਏ 12ਵੇਂ ''ਮਾਂ ਬੋਲੀ ਅੰਤਰਰਾਸ਼ਟਰੀ ਪੰਜਾਬੀ ਫ਼ਿਲਮ ਮੇਲਾ'' ਲਈ ਚੁਣੀ ਗਈ | ''ਲੋਕ ਕੀ ਕਹਿਣਗੇ'' ਨਾਂ ਦੀ ਇਸ ਫ਼ਿਲਮ ਵਿਚ ਸਰਕਾਰੀ ਹਾਈ ਸਕੂਲ ਖੇੜੀ-ਝਮੇੜੀ ਦੇ ਬਾਲ ਕਲਾਕਾਰਾਂ ਗੁਰਦੇਵ ਸਿੰਘ ਅਤੇ ਮਾਹੀ ਨੇ ਖੂਬਸੂਰਤ ਕਲਾਕਾਰੀ ਕੀਤੀ ਹੈ | ਸੁਪਰੀਤ ਸ਼ਰਮਾ ਨੇ ਸਹਾਇਕ ਨਿਰਦੇਸ਼ਨ ਦਾ ਕਾਰਜ ਕੀਤਾ | ਸਟ੍ਰਾਬੇਰੀ ਹਿੱਲ ਲਾਇਬ੍ਰੇਰੀ, ਸਰੀ (ਕੈਨੇਡਾ) ਵਿਖੇ ਇਸ ਫ਼ਿਲਮ ਨੂੰ ਭਰਪੂਰ ਪ੍ਰਸੰਸਾ ਮਿਲੀ | ਮਾਸਟਰ ਕਰਮਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਇਸ ਫ਼ਿਲਮ ਵਿਚ ਪੰਜਾਬੀਆਂ ਵਲੋਂ ਪ੍ਰਵਾਸ ਦੇ ਕਾਰਨ, ਪ੍ਰਵਾਸ ਦੀਆਂ ਸਮੱਸਿਆਵਾਂ ਅਤੇ ਪੰਜਾਬ ਵਿਚ ਰਹਿ ਗਏ ਬਜ਼ੁਰਗਾਂ ਦੀ ਹਾਲਤ ਆਦਿ ਵਿਸ਼ਿਆਂ ਨੂੰ ਬਾਖੂਬੀ ਛੋਹਿਆ ਹੈ | ਉਨ੍ਹਾਂ ਦਸਤਾਵੇਜ਼ੀ ਫ਼ਿਲਮਾਂ ਦੇ ਪ੍ਰਸਿੱਧ ਨਿਰਦੇਸ਼ਕ ਨਵਲਪ੍ਰੀਤ ਰੰਗੀ (ਕੈਨੇਡਾ) ਦਾ ਧੰਨਵਾਦ ਕੀਤਾ | ਇਸ ਪ੍ਰਾਪਤੀ 'ਤੇ ਸਰਕਾਰੀ ਹਾਈ ਸਕੂਲ ਖੇੜੀ-ਝਮੇੜੀ ਦੇ ਮੁੱਖ ਅਧਿਆਪਕ ਗੁਰਦਰਸ਼ਨ ਸਿੰਘ, ਕਵਿਤਾ ਟਾਂਕ ਹਿੰਦੀ ਮਿਸਟ੍ਰੈੱਸ, ਸਰਿਤਾ ਗੁਪਤਾ ਐਸ.ਐਸ. ਮਿਸਟ੍ਰੈੱਸ, ਖੇੜੀ-ਝਮੇੜੀ ਸਕੂਲ ਦੇ ਸਟਾਫ਼ ਅਤੇ ਕਲਾ ਪ੍ਰੇਮੀਆਂ ਨੇ ਪੂਰੀ ਟੀਮ ਨੂੰ ਮੁਬਾਰਕਬਾਦ ਦਿੰਦਿਆਂ ਭਵਿੱਖ ਵਿਚ ਹੋਰ ਵਧੀਆਂ ਪੇਸ਼ਕਾਰੀਆਂ ਦੀ ਕਾਮਨਾ ਕੀਤੀ |