ਲੁਧਿਆਣਾ, 2 ਜੂਨ (ਭੁਪਿੰਦਰ ਸਿੰਘ ਬੈਂਸ)-ਬਹੁਜਨ ਸਮਾਜ ਪਾਰਟੀ (ਬਸਪਾ) ਵਲੋਂ ਪੰਜਾਬ ਸੰਭਾਲੋ ਮੁਹਿੰਮ ਤਹਿਤ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਦੀ ਅਗਵਾਈ ਹੇਠ ਨਿਗਮ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈਕੇ ਨਗਰ ਨਿਗਮ ਦੇ ਜੋਨ-ਏ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਵਧੀਕ ਕਮਿਸ਼ਨਰ ਪਰਮਦੀਪ ਸਿੰਘ ਖੈਹਿਰਾ ਨੰੂ ਮੰਗ ਪੱਤਰ ਦਿੱਤਾ ਗਿਆ | ਇਸ ਮੌਕੇ ਡਾ. ਅਵਤਾਰ ਸਿੰਘ ਕਰੀਮਪੁਰੀ ਵਲੋਂ ਨਗਰ ਨਿਗਮ ਜੋਨ-ਡੀ ਦੇ ਜੋਨਲ ਕਮਿਸ਼ਨਰ ਜਸਦੇਵ ਸਿੰਘ ਸੇਖੋਂ ਤੇ ਐਸ.ਸੀ. ਐਸ.ਟੀ. ਐਕਟ ਤਹਿਤ ਪਰਚਾ ਦਰਜ ਕਰਕੇ ਮੁਅੱਤਲ ਕਰਨ, ਸਫਾਈ ਕਰਮਚਾਰੀਆਂ, ਸੀਵਰਮੈਨਾਂ, ਮਾਲੀ ਬੇਲਦਾਰਾਂ ਦਾ ਨਿੱਜੀਕਰਨ ਬੰਦ ਕਰਨ, ਉਵਰਏਜ਼ ਮੁਲਾਜ਼ਮਾਂ ਨੰੂ ਨਿਯੁਕਤੀ ਪੱਤਰ ਦੇਣ, 95 ਵਾਰਡਾਂ ਵਿਚ ਪ੍ਰਤੀ ਵਾਰਡ ਵਿਚ ਇਕ ਲੰਬੜਦਾਰ ਲਗਾਉਣ, ਮੁਲਾਜ਼ਮਾਂ ਦੇ ਰਿਟਾਇਰਮੈਂਟ ਤੋਂ 24 ਘੰਟੇ ਦੌਰਾਨ ਰਿਟਾਇਰਮੈਂਟ ਦੀ ਰਕਮ ਦੇਣ, ਕੂੜਾ ਲਿਫਟਿੰਗ ਨਿੱਜੀਕਰਨ ਬੰਦ ਕਰਨ ਸੰਬੰਧੀ ਮੰਗ ਕੀਤੀ ਗਈ | ਇਸ ਮੌਕੇ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਵਲੋਂ ਸਫਾਈ ਸੇਵਕਾਂ, ਸੀਵਰਮੈਨਾਂ, ਮਾਲੀ, ਬੇਲਦਾਰਾਂ ਅਤੇ ਦਰਜਾ ਚਾਰ ਦੇ ਮੁਲਾਜ਼ਮਾਂ ਦੀਆਂ ਮੰਗਾਂ ਨੰੂ ਪੂਰੀ ਤਰ੍ਹਾਂ ਨਾਲ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ, ਜਿਸ ਕਾਰਨ ਸੂਬਾ ਦੇ ਸਫਾਈ ਸੇਵਕਾਂ, ਸੀਵਰਮੈਨਾਂ, ਮਾਲੀ, ਬੇਲਦਾਰਾਂ ਤੇ ਦਰਜਾ ਚਾਰ ਮੁਲਾਜ਼ਮਾਂ ਅਤੇ ਸਮੁੱਚੇ ਵਾਲਮੀਕਿ ਭਾਈਚਾਰੇ ਵਿਚ ਉਕਤ ਸਰਕਾਰਾਂ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ | ਇਸ ਮੌਕੇ ਪ੍ਰਵੀਨ ਬੰਗਾ, ਜੀਤਰਾਮ ਬਸਰਾ, ਬਲਵਿੰਦਰ ਬਿੱਟਾ, ਸੁਰੇਸ਼ ਕੁਮਾਰ, ਬਲਵਿੰਦਰ ਜੱਸੀ, ਤਜਿੰਦਰ ਨਿੱਕਾ, ਗੁਰਨਾਮ, ਹੈਪੀ, ਰਾਜਕੁਮਾਰ, ਨਿਰਮਲ ਸਿੰਘ, ਸੁਖਦੇਵ ਚੱਡਾ, ਨਰੇਸ਼ ਬਸਰਾ, ਕਪਿਲ ਕੁਮਾਰ ਆਦਿ ਮੌਜੂਦ ਸਨ |