ਲੁਧਿਆਣਾ, 3 ਜੂਨ (ਭੁਪਿੰਦਰ ਸਿੰਘ ਬੈਂਸ)-ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਮੰਗਲਵਾਰ ਨੂੰ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਭਾਜਪਾ ਉਮੀਦਵਾਰ ਜੀਵਨ ਗੁਪਤਾ ਖ਼ਿਲਾਫ਼ ਦਿੱਤੇ ਗਏ ਜਾਤੀਵਾਦੀ ਅਤੇ ਬੇਅਦਬੀ ਭਰੇ ਬਿਆਨ ਦੀ ਕੜੀ ਨਿੰਦਾ ਕੀਤੀ | ਬਿੱਟੂ ਨੇ ਕਿਹਾ ਕਿ ਰਾਜਾ ਵੜਿੰਗ ਵਲੋਂ ਦਿੱਤਾ ਬਿਆਨ ਸਿਰਫ਼ ਇਕ ਵਿਅਕਤੀ 'ਤੇ ਨਹੀਂ, ਸਗੋਂ ਪੂਰੇ ਹਿੰਦੂ ਭਾਈਚਾਰੇ ਉਤੇ ਹਮਲਾ ਹੈ | ਬਿੱਟੂ ਨੇ ਕਿਹਾ ਕਿ ਉਹ ਵੜਿੰਗ ਵਲੋਂ ਕੌਣ ਗੁਪਤਾ? ਵਰਗਾ ਸ਼ਬਦ ਦਾ ਪ੍ਰਯੋਗ ਕਰਕੇ ਉਨ੍ਹਾਂ ਦੀ ਜਾਤੀ ਦੇ ਕੀਤੇ ਨਿਰਾਦਰ ਨੰੂ ਦੇਖ ਕੇ ਹੈਰਾਨ ਰਹਿ ਗਏ | ਉਨ੍ਹਾਂ ਕਿਹਾ ਕਿ ਇਹ ਸ਼ਬਦ ਗੁਪਤਾ ਦੀ ਪਛਾਣ ਅਤੇ ਪਿਛੋਕੜ ਦਾ ਮਜ਼ਾਕ ਉਡਾਉਣ ਲਈ ਵਰਤੇ ਗਏ ਸਨ | ਇਹ ਸਿਰਫ਼ ਨਿੱਜੀ ਤੰਜ ਨਹੀਂ | ਉਨ੍ਹਾਂ ਕਾਂਗਰਸ ਪਾਰਟੀ 'ਤੇ ਦੋਸ਼ ਲਗਾਇਆ ਕਿ ਇਸ ਪਾਰਟੀ ਵਿਚ ਮਿਹਨਤੀ ਅਤੇ ਰਾਸ਼ਟਰਵਾਦੀ ਭਾਈਚਾਰਿਆਂ ਲਈ ਹੰਕਾਰ ਅਤੇ ਬੇਅਦਬੀ ਹੈ | ਉਨ੍ਹਾਂ ਕਿਹਾ ਕਿ ਗੁਪਤਾ ਭਾਈਚਾਰਾ ਮੁੱਖ ਤੌਰ 'ਤੇ ਵਪਾਰ ਅਤੇ ਕਾਰੋਬਾਰ ਨਾਲ ਜੁੜਿਆ ਹੋਇਆ ਹੈ ਅਤੇ ਰਾਜ ਦੀ ਅਰਥਵਿਵਸਥਾ ਨੂੰ ਚਲਾਉਣ ਵਿਚ ਇਨ੍ਹਾਂ ਦੀ ਭੂਮਿਕਾ ਅਹਿਮ ਹੈ | ਬਿੱਟੂ ਨੇ ਸ਼ਹਿਰ ਦੇ ਹਲਕਾ ਪੱਛਮੀ ਦੇ ਵੋਟਰਾਂ ਨੰੂ ਅਪੀਲ ਕਰਦੇ ਹੋਏ ਕਿਹਾ ਕਿ ਉਹ ਉਕਤ ਜ਼ਿਮਨੀ ਚੋਣ ਵਿਚ ਕਾਂਗਰਸ ਨੰੂ ਹਰਾ ਕੇ ਤੇ ਭਾਜਪਾ ਨੰੂ ਜਿੱਤਾ ਕੇ ਕਾਂਗਰਸ ਪ੍ਰਧਾਨ ਦੇ ਇਸ ਜਾਤੀ ਆਧਾਰਤ ਹੰਕਾਰ ਨੂੰ ਢਾਹ ਦੇਣ |