ਲੁਧਿਆਣਾ, 3 ਜੂਨ (ਜਤਿੰਦਰ ਭੰਬੀ)-ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਅਤੇ ਲੁਧਿਆਣਾ ਪੱਛਮੀ ਦੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੇ ਆਪਣੀ ਚੋਣ ਮੀਟਿੰਗ ਦੌਰਾਨ 'ਆਪ' ਸਰਕਾਰ 'ਤੇ ਵਰ੍ਹਦਿਆਂ ਕਿਹਾ ਕਿ ਪੰਜਾਬ ਪਿਛਲੇ ਤਿੰਨ ਸਾਲਾਂ ਤੋਂ ਇਕ ਅਣਕਿਆਸੀ ਆਫ਼ਤ ('ਆਪਦਾ') ਨਾਲ ਜੂਝ ਰਿਹਾ ਹੈ | ਉਨ੍ਹਾਂ ਕਿਹਾ ਕਿ ਹਲਕਾ ਪੱਛਮੀ ਦੀ ਕਾਂਗਰਸ ਵਲੋਂ ਚੋਣ ਜਿੱਤਣ ਤੋਂ ਬਾਅਦ ਪੰਜਾਬ ਦੇ ਲੋਕਾਂ ਲਈ ਇਸ ਨਿਕੰਮੀ ਸਰਕਾਰ ਤੋਂ ਛੁਟਕਾਰੇ ਦੀ ਸ਼ੁਰੂਆਤ ਹੋ ਜਾਵੇਗੀ | ਆਸ਼ੂ ਨੇ ਕਿਹਾ ਕਿ ਅਸੀਂ ਕੋਈ ਝੂਠੇ ਅਤੇ ਲੁਭਾਉਣੇ ਵਾਅਦੇ ਨਹੀਂ ਕੀਤੇ, ਪਰ ਅਸੀਂ ਸਿਰਫ਼ ਜ਼ਮੀਨੀ ਪੱਧਰ 'ਤੇ ਹੀ ਵਾਅਦੇ ਤੇ ਕੰਮ ਕੀਤੇ | ਉਨ੍ਹਾਂ ਕਿਹਾ ਕਾਂਗਰਸ ਨੇ ਜ਼ਮੀਨੀ ਪੱਧਰ 'ਤੇ ਵਿਕਾਸ ਕਰਵਾਏ ਹਨ, 'ਆਪ' ਆਪਣੇ ਕਰਵਾਏ ਕੰਮ ਜਨਤਕ ਕਰੇ | ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਦੇ ਲੋਕ ਹੁਣ ਆਪਣੇ ਆਪ ਨੂੰ ਠੱਗੇ ਹੋਏ ਮਹਿਸੂਸ ਕਰ ਰਹੇ ਹਨ, ਕਿਉਂਕਿ 'ਆਪ' ਨਾ ਸਿਰਫ਼ ਆਪਣੇ ਵਾਅਦਿਆਂ ਤੋਂ ਭੱਜੀ ਹੈ, ਸਗੋਂ ਸੂਬੇ ਨੂੰ ਅਰਾਜਕਤਾ ਵੱਲ ਧੱਕ ਦਿੱਤਾ ਹੈ | ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਸਰਕਾਰ ਵਲੋਂ ਪੰਜਾਬ ਦੀ ਜਨਤਾ ਦੇ ਪੈਸੇ ਦੀ ਲੁੱਟ ਕੀਤੀ ਜਾ ਰਹੀ ਹੈ | ਆਸ਼ੂ ਨੇ ਮੀਟਿੰਗ ਦੌਰਾਨ ਹਲਕੇ ਦੇ ਲੋਕਾਂ ਨੂੰ ਵਿਸ਼ਵਾਸ ਦਿਵਾਉਂਦੇ ਹੋਏ ਕਿਹਾ ਕਿ ਤੁਹਾਡੇ ਵਲੋਂ ਦਿੱਤੇ ਗਏ ਸਹਿਯੋਗ ਸਦਕਾ 23 ਜੂਨ ਤੋਂ ਬਾਅਦ ਸਮੇਂ ਦੀ ਸਰਕਾਰ ਵਾਂਗ ਵਿਕਾਸ ਸਿਰਫ਼ ਕਾਗਜ਼ਾਂ ਤੱਕ ਹੀ ਸੀਮਤ ਨਹੀਂ ਰਹੇਗਾ, ਬਲਕਿ ਪਹਿਲਾਂ ਨਾਲੋਂ ਵੀ ਵੱਧ-ਚੜ੍ਹ ਕੇ ਹਲਕੇ ਅੰਦਰ ਹੋਣ ਵਾਲੇ ਕੰਮ ਕਰਵਾਏ ਜਾਣਗੇ |