ਲੁਧਿਆਣਾ, 1 ਸਤੰਬਰ (ਜਸਵਿੰਦਰ ਸਿੰਘ)-ਭਾਰਤ ਦੇ ਮੱਕੀ ਖੇਤਰ ਨੂੰ ਘੱਟ ਉਤਪਾਦਕਤਾ ਅਤੇ ਜਲਵਾਯੂ ਤਣਾਅ ਦੀਆਂ ਚੁਣੌਤੀਆਂ ਦੇ ਵਿਚਕਾਰ ਭੋਜਨ, ਫੀਡ ਅਤੇ ਬਾਲਣ ਉਦਯੋਗਾਂ ਤੋਂ ਵਧਦੀ ਮੰਗ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਮਾਹਿਰਾਂ ਨੇ ਪੰਜਾਬ ਅਤੇ ਬਾਕੀ ਭਾਰਤ ਵਿਚ ਝਾੜ ਵਧਾਉਣ, ਲਚਕੀਲੇਪਣ ਨੂੰ ਮਜ਼ਬੂਤ ਕਰਨ ਅਤੇ ਕਿਸਾਨ ਖੁਸ਼ਹਾਲੀ ਨੂੰ ਯਕੀਨੀ ਬਣਾਉਣ ਲਈ ਬਾਇਓਟੈਕਨੋਲੌਜੀ ਸਾਧਨਾਂ ਨੂੰ ਤੁਰੰਤ ਅਪਣਾਉਣ ਦਾ ਸੱਦਾ ਦਿੱਤਾ | ਭਾਰਤ ਮੱਕੀ ਦਾ ਦੁਨੀਆ ਦਾ 5ਵਾਂ ਸਭ ਤੋਂ ਵੱਡਾ ਉਤਪਾਦਕ ਹੈ, ਜਿੱਥੇ 12 ਮਿਲੀਅਨ ਹੈਕਟੇਅਰ ਤੋਂ ਵੱਧ ਰਕਬਾ ਕਾਸ਼ਤ ਅਧੀਨ ਹੈ ਅਤੇ 2024-25 ਵਿਚ ਲਗਭਗ 42.3 ਮਿਲੀਅਨ ਟਨ ਸਾਲਾਨਾ ਉਤਪਾਦਨ ਹੋਇਆ | ਫਿਰ ਵੀ ਔਸਤ ਪੈਦਾਵਾਰ ਲਗਭਗ 3.5 ਟਨ ਪ੍ਰਤੀ ਹੈਕਟੇਅਰ ਬਣੀ ਹੋਈ ਹੈ, ਜੋ ਕਿ ਵਿਸ਼ਵ ਔਸਤ 6 ਟਨ ਤੋਂ ਬਹੁਤ ਘੱਟ ਹੈ | 2030 ਤੱਕ ਮੰਗ ਦੁੱਗਣੀ ਹੋਣ ਦਾ ਅਨੁਮਾਨ ਹੈ, ਖਾਸ ਕਰਕੇ ਪੋਲਟਰੀ, ਫੀਡ, ਸਟਾਰਚ ਅਤੇ ਈਥਾਨੌਲ ਉਦਯੋਗਾਂ ਤੋਂ | ਭਾਗੀਦਾਰਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਤਕਨੋਲੋਜੀ-ਆਧਾਰਤ ਨਵੀਨਤਾ ਮਹੱਤਵਪੂਰਨ ਹੈ | ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੋਜ ਨਿਰਦੇਸ਼ਕ ਡਾ. ਅਜਮੇਰ ਸਿੰਘ ਢੱਟ ਨੇ ਕਿਹਾ ਕਿ ਮੱਕੀ ਭਾਰਤ ਦਾ ਅਗਲਾ ਵਿਕਾਸ ਇੰਜਨ ਬਣ ਸਕਦੀ ਹੈ, ਨਾ ਸਿਰਫ਼ ਭੋਜਨ ਲਈ, ਸਗੋਂ ਪਸ਼ੂ ਪਾਲਨ ਅਤੇ ਬਾਇਓਫਿਊਲ ਖੇਤਰਾਂ ਲਈ ਵੀ, ਪਰ ਜੇਕਰ ਅਸੀਂ ਆਧੁਨਿਕ ਬਾਇਓਟੈਕਨੋਲੌਜੀ ਨੂੰ ਨਹੀਂ ਅਪਣਾਉਂਦੇ, ਤਾਂ ਸਾਡੇ ਕਿਸਾਨ ਵਿਸ਼ਵ ਉਤਪਾਦਕਤਾ ਪੱਧਰ 'ਤੇ ਮੁਕਾਬਲਾ ਨਹੀਂ ਕਰ ਸਕਣਗੇ | ਰਾਜਵੀਰ ਰਾਠੀ ਐਫ.ਐਸ.ਆਈ.ਆਈ. ਵਾਈਸ ਚੇਅਰਮੈਨ ਅਤੇ ਬੇਅਰ ਕ੍ਰੌਪ ਸਾਇੰਸ ਵਿਖੇ ਖੇਤੀਬਾੜੀ ਮਾਮਲਿਆਂ ਅਤੇ ਨੀਤੀ ਦੇ ਨਿਰਦੇਸ਼ਕ ਨੇ ਕਿਹਾ ਕਿ ਸੋਕਾ-ਸਹਿਣਸ਼ੀਲ, ਕੀਟ-ਰੋਧਕ ਅਤੇ ਪੋਸ਼ਣ-ਅਮੀਰ ਮੱਕੀ ਦੀਆਂ ਕਿਸਮਾਂ ਕਿਸਾਨਾਂ ਦੀ ਆਮਦਨ ਨੂੰ ਸਥਿਰ ਕਰ ਸਕਦੀਆਂ ਹਨ ਅਤੇ ਉਤਪਾਦਨ ਲਾਗਤਾਂ ਨੂੰ ਵੀ ਕੰਟਰੋਲ ਕਰ ਸਕਦੀਆਂ ਹਨ | ਡਾ. ਐਚ.ਐਸ. ਡਾਇਰੈਕਟਰ, ਆਈ.ਸੀ.ਏ.ਆਰ.-ਆਈ.ਆਈ.ਐਮ.ਆਰ. ਲੁਧਿਆਣਾ ਨੇ ਕਿਹਾ ਕਿ ਜੇਕਰ ਤਕਨਾਲੋਜੀਆਂ ਨੂੰ ਸਹੀ ਢੰਗ ਨਾਲ ਲਾਗੂ ਕੀਤਾ ਜਾਂਦਾ ਹੈ, ਤਾਂ ਕਿਸਾਨਾਂ ਤੋਂ ਲੈ ਕੇ ਫੀਡ ਅਤੇ ਈਥਾਨੌਲ ਉਦਯੋਗਾਂ ਤੱਕ ਪੂਰੀ ਮੁੱਲ ਲੜੀ ਨੂੰ ਲਾਭ ਮਿਲ ਸਕਦੇ ਹਨ | ਬੀ.ਸੀ.ਆਈ.ਐਲ. ਦੇ ਮੁੱਖ ਜਨਰਲ ਮੈਨੇਜਰ ਡਾ. ਵਿਭਾ ਆਹੂਜਾ ਨੇ ਕਿਹਾ ਕਿ ਦੇਸ਼ ਦੀ ਭੋਜਨ, ਫੀਡ ਅਤੇ ਬਾਲਣ ਸੁਰੱਖਿਆ ਇਸ ਗੱਲ 'ਤੇ ਨਿਰਭਰ ਕਰੇਗੀ ਕਿ ਅਸੀਂ ਉਤਪਾਦਕਤਾ ਦੇ ਪਾੜੇ ਨੂੰ ਕਿੰਨੀ ਜਲਦੀ ਪੂਰਾ ਕਰਨ ਦੇ ਯੋਗ ਹਾਂ |