ਭਮੀਆਂ ਕਲਾ/ਲੁਧਿਆਣਾ, 2 ਸਤੰਬਰ (ਜਤਿੰਦਰ ਭੰਬੀ)-ਪਬਲਿਕ ਐਕਸ਼ਨ ਕਮੇਟੀ (ਪੀ.ਏ.ਸੀ.) ਦੀ ਟੀਮ ਨੇ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਦੇ ਪਿੰਡ ਗੜ੍ਹੀ ਫ਼ਜ਼ਲ ਨੇੜੇ ਮੱਤੇਵਾੜਾ ਜੰਗਲ ਵਿਖੇ ਮੌਕੇ 'ਤੇ ਜਾਇਜ਼ਾ ਲਿਆ | ਕਰਨਲ ਸੀ.ਐਮ. ਲਖਨਪਾਲ ਅਤੇ ਮਨਿੰਦਰਜੀਤ ਸਿੰਘ ਬੈਨੀਪਾਲ ਨੇ ਦੱਸਿਆ ਕਿ ਸਤਲੁਜ ਦਰਿਆ 'ਚ ਪਾਣੀ ਦੀ ਮਾਤਰਾ ਬਹੁਤ ਜ਼ਿਆਦਾ ਹੈ ਅਤੇ ਇਸ ਦੀ ਰਫ਼ਤਾਰ ਵੀ ਬਹੁਤ ਤੇਜ਼ ਹੈ | ਉਨ੍ਹਾਂ ਦੱਸਿਆ ਕਿ ਇਲਾਕੇ ਦੇ ਲੋਕ ਸਹਿਮੇ ਹੋਏ ਹਨ ਅਤੇ ਦਿਨ-ਰਾਤ ਬੰਨ੍ਹ ਦੀ ਨਿਗਰਾਨੀ ਕਰ ਰਹੇ ਹਨ ਅਤੇ ਪ੍ਰਸ਼ਾਸਨ ਪੂਰੀ ਤਰ੍ਹਾਂ ਅਲਰਟ ਹੈ ਅਤੇ ਲੋਕ ਵੀ ਪ੍ਰਸ਼ਾਸਨ ਨਾਲ ਪੂਰਾ ਸਹਿਯੋਗ ਕਰ ਰਹੇ ਹਨ | ਉਨ੍ਹਾਂ ਖ਼ਦਸ਼ਾ ਜਤਾਇਆ ਕਿ ਜੇਕਰ ਬੰਨ੍ਹ ਟੁੱਟਦਾ ਹੈ ਤਾਂ ਭਾਰੀ ਜਾਨੀ ਤੇ ਮਾਲੀ ਨੁਕਸਾਨ ਹੋ ਸਕਦਾ ਹੈ, ਇਸ ਲਈ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਸਤਲੁਜ ਦਰਿਆ ਦੇ ਬੰਨ੍ਹਾਂ ਦੀ ਮਜ਼ਬੂਤੀ ਲਈ ਅੱਗੇ ਆਉਣ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਲੋਕਾਂ ਦੀ ਹਰ ਸੰਭਵ ਮਦਦ ਦੋਵਾਂ ਸਰਕਾਰਾਂ ਵਲੋਂ ਜਲਦ ਤੋਂ ਜਲਦ ਯਕੀਨੀ ਬਣਾਈ ਜਾਵੇ |