ਲੁਧਿਆਣਾ, 2 ਸਤੰਬਰ (ਡਾ. ਤਰਲੋਚਨ ਸਿੰਘ)-ਸਿਰਜਣਧਾਰਾ ਸਾਹਿਤਕ ਸੰਸਥਾ ਵਲੋਂ ਸੰਸਥਾ ਦੀ ਪ੍ਰਧਾਨ ਡਾ. ਗੁਰਚਰਨ ਕੌਰ ਕੋਚਰ ਦੀ ਪ੍ਰਧਾਨਗੀ ਹੇਠ ਮਹੀਨਾਵਾਰ ਮੀਟਿੰਗ ਪੰਜਾਬੀ ਭਵਨ ਵਿਖੇ ਹੋਈ, ਜਿਸ ਵਿਚ ਵਿਸ਼ੇਸ਼ ਮਹਿਮਾਨਾਂ ਵਜੋਂ ਪੰਜਾਬੀ ਸਾਹਿਤ ਅਕਾਦਮੀ ਦੇ ਸਾਬਕਾ ਪ੍ਰਧਾਨ ਪ੍ਰੋ. ਰਵਿੰਦਰ ਭੱਠਲ, ਡਾ. ਗੁਰਇਕਬਾਲ ਸਿੰਘ ਅਤੇ ਜਗਰਾਉਂ ਤੋਂ ਸ਼ਾਇਰ ਭਗਵਾਨ ਢਿੱਲੋਂ ਨੇ ਸ਼ਿਰਕਤ ਕੀਤੀ | ਡਾ. ਕੋਚਰ ਨੇ ਸਾਰੀਆਂ ਸ਼ਖ਼ਸੀਅਤਾਂ ਨੂੰ 'ਜੀ ਆਇਆਂ ਨੂੰ ' ਕਿਹਾ | ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਸਦੀਵੀਂ ਅਲਵਿਦਾ ਆਖ ਗਏ ਪ੍ਰਸਿੱਧ ਕਲਾਕਾਰ ਡਾ. ਜਸਵਿੰਦਰ ਭੱਲਾ ਅਤੇ ਸਤੀਸ਼ ਗੁਲਾਟੀ ਦੇ ਦਾਮਾਦ ਅੰਮਿ੍ਤ ਪਾਲ ਤੇ ਹੋਰ ਹੜ੍ਹਾਂ ਦੀ ਮਾਰ ਹੇਠ ਆ ਕੇ ਜਾਨਾਂ ਗੁਆ ਚੁੱਕੀਆਂ ਰੂਹਾਂ ਲਈ ਦੋ ਮਿੰਟ ਦਾ ਮੌਨ ਰੱਖਿਆ ਗਿਆ | ਉਪਰੰਤ ਵਿਚਾਰ ਅਧੀਨ ਰੱਖਿਆ ਵਿਸ਼ਾ 'ਪੁਸਤਕਾਂ ਪੜ੍ਹਨ ਦਾ ਮਹੱਤਵ' ਉਤੇ ਭਰਪੂਰ ਵਿਚਾਰ ਵਟਾਂਦਰਾ ਹੋਇਆ | ਇਸ ਮੌਕੇ ਸੁਰਿੰਦਰ ਸਿੰਘ ਪਾਇਲ ਦੁਆਰਾ ਪੁੱਛੇ ਸਵਾਲ ਪੰਜਾਬੀ ਸਾਹਿਤ ਦੀ ਸ਼ੁਰੂਆਤ ਕਦੋਂ ਹੋਈ, ਦਾ ਜਵਾਬ ਡਾ. ਗੁਰਇਕਬਾਲ ਨੇ ਬਾਖ਼ੂਬੀ ਦਿੱਤਾ | ਹੜ੍ਹਾਂ ਕਰਕੇ ਪੈਦਾ ਹੋਏ ਭਿਆਨਕ ਹਾਲਾਤ ਲਈ ਵੀ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ | ਇਸ ਮੌਕੇ ਡਾ. ਕੋਚਰ ਨੇ ਕਿਹਾ ਕਿ ਮਨੁੱਖ ਵਲੋਂ ਕੁਦਰਤ ਨਾਲ ਕੀਤਾ ਖਿਲਵਾੜ ਅਤੇ ਬੇਲੋੜੀ ਛੇੜਛਾੜ ਕਾਰਨ ਅੱਜ ਅਸੀਂ ਭਿਆਨਕ ਹਾਲਾਤ ਦਾ ਸਾਹਮਣਾ ਕਰ ਰਹੇ ਹਾਂ | ਇਸ ਮੌਕੇ ਕਰਵਾਏ ਕਵੀ ਦਰਬਾਰ 'ਚ ਲਖਵੀਰ ਸਿੰਘ ਲੱਭਾ, ਜਗਪਾਲ ਜੱਗਾ ਜਮਾਲਪੁਰੀ, ਸੁਰਜੀਤ ਸਿੰਘ ਜੀਤ, ਗੁਰਵਿੰਦਰ ਕੰਵਰ, ਰਵਿੰਦਰ ਭੱਠਲ, ਡਾ. ਗੁਰਇਕਬਾਲ, ਪਿ੍ੰ. ਇੰਦਰਜੀਤਪਾਲ ਕੌਰ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ | ਮੰਚ ਦਾ ਬਾਖ਼ੂਬੀ ਸੰਚਾਲਨ ਕਰਦਿਆਂ ਇੰਦਰਜੀਤ ਲੋਟੇ ਨੇ ਡਾ. ਜਸਵਿੰਦਰ ਭੱਲਾ ਦੀ ਯਾਦ ਨਾਲ ਜੁੜੀ ਇਕ ਰਚਨਾ ਪੇਸ਼ ਕੀਤੀ | ਡਾ. ਗੁਰਚਰਨ ਕੌਰ ਕੋਚਰ ਨੇ ਆਪਣੀ ਰਚਨਾ ਸੁਣਾਉਣ ਤੋਂ ਬਾਅਦ ਪ੍ਰੋਗਰਾਮ 'ਚ ਸ਼ਾਮਿਲ ਹੋਏ ਸਾਰੇ ਮਹਿਮਾਨਾਂ ਅਤੇ ਕਵੀਆਂ ਦਾ ਧੰਨਵਾਦ ਕੀਤਾ |