ਲੁਧਿਆਣਾ, 5 ਸਤੰਬਰ (ਜਸਵਿੰਦਰ ਸਿੰਘ)-ਗੁਰੂ ਨਾਨਕ ਸਟੇਡੀਅਮ ਵਿਖੇ ਇੰਨਡੋਰ ਬਾਸਕਟਬਾਲ ਸਟੇਡੀਅਮ ਦੇ ਵਿਚ ਚੱਲ ਰਹੀ ਜੂਨੀਅਰ ਰਾਸ਼ਟਰੀ ਬਾਸਕਟਬਾਲ ਦੇ ਚੌਥੇ ਦਿਨ ਵੀ ਰੋਚਕ ਮੁਕਾਬਲੇ ਦੇਖਣ ਨੂੰ ਮਿਲੇ | ਪੰਜਾਬ ਨੇ ਆਪਣੇ ਪਹਿਲੇ ਹੀ ਮੈਚ ਵਿਚ ਯੂਪੀ ਨੂੰ 74-67 ਨਾਲ ਹਰਾ ਕੇ ਸ਼ਾਨਦਾਰ ਸ਼ੁਰੂਆਤ ਕੀਤੀ | ਇਸ ਚੈਂਪੀਅਨਸ਼ਿਪ ਦੇ ਵਿਚ 31 ਟੀਮਾਂ ਮਰਦ ਅਤੇ 27 ਟੀਮਾਂ ਔਰਤਾਂ ਦੀਆਂ ਹਿੱਸਾ ਲੈ ਰਹੀਆਂ ਹਨ | ਕੁੱਲ ਮਿਲਾ ਕੇ 160 ਮੈਚ ਖੇਡੇ ਜਾਣਗੇ, ਜਿਸ ਵਿਚ 900 ਤੋਂ ਜ਼ਿਆਦਾ ਖਿਡਾਰੀ ਆਪਣਾ ਦਬਦਬਾ ਦਿਖਾਉਣਗੇ | ਸ਼ੁਰੂਆਤੀ ਦੌਰ ਦੇ ਵਿਚ 108 ਲੀਗ ਮੈਚ ਫਿਰ 52 ਨਾਕ ਆਊਟ ਮੈਚ ਖੇਡੇ ਜਾਣਗੇ | ਚੌਥੇ ਦਿਨ ਹੋਏ ਮੈਚ ਦੇ ਵਿਚ ਪੰਜਾਬ ਕੁੜੀਆਂ ਦੀ ਟੀਮ ਨੇ ਮਹਾਰਾਸ਼ਟਰ ਦੀ ਟੀਮ ਨੂੰ 73-60 ਦੇ ਸਕੋਰ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ | ਪੰਜਾਬ ਮੁੰਡਿਆਂ ਦੀ ਟੀਮ ਨੇ ਆਪਣੇ ਲੀਗ ਮੈਚ ਦੇ ਵਿਚ ਕੇਰਲਾ ਨੂੰ 93 56 ਦੇ ਵੱਡੇ ਸਕੋਰ ਨਾਲ ਹਰਾਇਆ | ਟੂਰਨਾਮੈਂਟ ਦੌਰਾਨ ਖਿਡਾਰੀਆਂ ਨਾਲ ਜਾਣ ਪਹਿਚਾਣ ਕਰਨ ਲਈ ਮੁੱਖ ਮਹਿਮਾਨ ਵਜੋਂ ਹਲਕਾ ਆਤਮ ਨਗਰ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ, ਜਨਰਲ ਸਕੱਤਰ ਤੇਜਾ ਸਿੰਘ ਧਾਲੀਵਾਲ, ਡੀ.ਸੀ.ਪੀ. ਪਰਮਿੰਦਰ ਸਿੰਘ ਭੰਡਾਲ, ਏ.ਡੀ.ਸੀ.ਪੀ. ਟਰੈਫ਼ਿਕ ਗੁਰਪ੍ਰੀਤ ਕੌਰ ਪੁਰੇਵਾਲ, ਖੇਡ ਵਿੰਗ ਪ੍ਰਧਾਨ ਸੋਨੀਆ ਅਲੱਗ, ਯੁਵਰਾਜ ਸਿੱਧੂ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰ ਕਿਰਪਾਲ ਸਿੰਘ ਢਿੱਲੋਂ ਡੀ.ਐਸ.ਪੀ. (ਐਡੀਸ਼ਨਲ ਸਪੋਰਟਸ ਸੈਕਟਰੀ ਪੰਜਾਬ ਪੁਲਿਸ) ਇੰਸਪੈਕਟਰ ਅਮਰੀਕ ਸਿੰਘ, ਗੁਰਪ੍ਰੀਤ ਸਿੰਘ ਕੋਚ ਜੈਪਾਲ ਸਿੰਘ, ਸਲੋਨੀ, ਰਜਿੰਦਰ ਸਿੰਘ ਆਦਿ ਹਾਜ਼ਰ ਸਨ |
75ਵੀਂ ਜੂਨੀਅਰ ਰਾਸ਼ਟਰੀ ਬਾਸਕਟਬਾਲ ਚੈਂਪੀਅਨਸ਼ਿਪ <br> ਪੰਜਾਬ ਦੀ ਜੇਤੂ ਲੈਅ ਬਰਕਰਾਰ, ਕੇਰਲਾ ਨੂੰ 93-56 ਦੇ ਸਕੋਰ ਨਾਲ ਹਰਾਇਆ <br/>
ਅਜੀਤ ਡੈਸਕ
06-09-2025