ਲੁਧਿਆਣਾ, 5 ਸਤੰਬਰ (ਜਸਵਿੰਦਰ ਸਿੰਘ)-ਅੱਜ ਪੀ.ਏ.ਯੂ. ਦੇ ਡਾ. ਮਨਮੋਹਨ ਸਿੰਘ ਆਡੀਟੋਰੀਅਮ ਵਿਚ ਹੋਏ ਸਾਦਾ ਪਰ ਪ੍ਰਭਾਵਸ਼ਾਲੀ ਸਮਾਰੋਹ ਦੌਰਾਨ ਅਧਿਆਪਕ ਦਿਵਸ ਮਨਾਇਆ ਗਿਆ | ਇਸ ਦੌਰਾਨ ਯੂਨੀਵਰਸਿਟੀ ਨੇ ਆਪਣੇ ਸਾਬਕਾ ਅਤੇ ਵਰਤਮਾਨ ਅਧਿਆਪਕਾਂ ਵਲੋਂ ਖੇਤੀ ਵਿਕਾਸ ਲਈ ਕੀਤੇ ਖੋਜ, ਅਧਿਆਪਨ ਅਤੇ ਪਸਾਰ ਕਾਰਜਾਂ ਦੀ ਸ਼ਲਾਘਾ ਕੀਤੀ | ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਪੀ.ਏ.ਯੂ. ਦੇ ਅਧਿਆਪਕਾਂ ਦੀ ਭੂਮਿਕਾ ਸਿਰਫ਼ ਜਮਾਤੀ ਕਮਰਿਆਂ ਤੱਕ ਸੀਮਤ ਨਹੀਂ ਸੀ, ਬਲਕਿ ਇਹ ਯੋਗਦਾਨ ਖੇਤਾਂ ਅਤੇ ਦੂਰ-ਦਰਾਜ ਖੇਤਰ ਦੇ ਕਿਸਾਨਾਂ ਤੱਕ ਤਕਨਾਲੋਜੀਆਂ ਪਹੁੰਚਾਉਣ ਨਾਲ ਜੁੜੀ ਹੋਈ ਸੀ | ਯੂਨੀਵਰਸਿਟੀ ਦੇ ਆਰੰਭ ਤੋਂ ਹੀ ਅਧਿਆਪਕਾਂ ਵਲੋਂ ਯੋਗਦਾਨ ਨੂੰ ਯਾਦ ਕਰਦਿਆਂ ਡਾ. ਗੋਸਲ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਖੇਤੀ ਦੇ ਬਦਲਾਅ ਲਈ ਵਿਗਿਆਨੀਆਂ, ਖੇਤੀ ਮਾਹਿਰਾਂ, ਨੀਤੀ ਨਿਰਧਾਰਕਾਂ ਅਤੇ ਖੇਤੀ ਪ੍ਰਸ਼ਾਸਕਾਂ ਵਜੋਂ ਤਿਆਰ ਕਰਨ ਦਾ ਸਿਹਰਾ ਪੀ.ਏ.ਯੂ. ਅਧਿਆਪਕਾਂ ਸਿਰ ਬੱਝਦਾ ਹੈ | ਡਾ. ਗੋਸਲ ਨੇ ਕਿਹਾ ਕਿ ਅੱਜ ਬੀਜਿਆ ਵਿੱਦਿਆ ਦਾ ਬੀਜ ਭਵਿੱਖ ਵਿਚ ਰੁੱਖ ਬਣੇਗਾ | ਇਸ ਲਈ ਅਜੋਕੇ ਅਧਿਆਪਕ ਨੂੰ ਆਪਣੀ ਜ਼ਿੰਮੇਵਾਰੀ ਹੋਰ ਵੀ ਤਨਦੇਹੀ ਨਾਲ ਨਿਭਾਉਣ ਦੀ ਲੋੜ ਹੈ | ਡਾ. ਗੋਸਲ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਮੌਜੂਦਾ ਸੰਕਟ ਦੀ ਘੜੀ ਵਿਚ ਪੰਜਾਬ ਦੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਹਰ ਸੰਭਵ ਯਤਨ ਕਰਨ ਅਤੇ ਕਿਸਾਨੀ ਸਮਾਜ ਦੀ ਸੇਵਾ ਨੂੰ ਸਮਰਪਿਤ ਰਹਿਣ ਦੀ ਪੀ.ਏ.ਯੂ. ਦੀ ਰਵਾਇਤ ਬਰਕਰਾਰ ਰੱਖਣ | ਪੀ.ਏ.ਯੂ. ਦੇ ਰਜਿਸਟਰਾਰ ਡਾ. ਰਿਸ਼ੀਪਾਲ ਸਿੰਘ, ਆਈ.ਏ.ਐਸ. ਨੇ ਕਿਹਾ ਕਿ ਅਧਿਆਪਕ ਹੋਣਾ ਨਾ ਸਿਰਫ਼ ਮਾਣ ਵਾਲੀ ਗੱਲ ਹੈ, ਬਲਕਿ ਇਸ ਤੋਂ ਉੱਪਰ ਕੋਈ ਰੁਤਬਾ ਜਾਂ ਅਹੁਦਾ ਨਹੀਂ ਹੋ ਸਕਦਾ, ਸਮਾਜ ਦੇ ਅਸਲ ਉਸਰੱਈਏ ਅਧਿਆਪਕ ਹੀ ਹੁੰਦੇ ਹਨ | ਸਮਾਰੋਹ ਦਾ ਸੰਚਾਲਨ ਸੰਸਥਾਈ ਸੰਪਰਕ ਦੇ ਸਹਿਯੋਗੀ ਨਿਰਦੇਸ਼ਕ ਡਾ. ਵਿਸ਼ਾਲ ਬੈਕਟਰ ਨੇ ਕੀਤਾ | ਇਸ ਮੌਕੇ ਪੀ.ਏ.ਯੂ. ਦੇ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਵਲੋਂ ਬਣਾਈ ਗਈ ਪੀ.ਏ.ਯੂ. ਦੀ ਵਰਚੂਅਲ ਯਾਤਰਾ ਬਾਰੇ ਡਾਕੂਮੈਂਟਰੀ ਵੀ ਪ੍ਰਦਰਸ਼ਿਤ ਕੀਤੀ ਗਈ | ਇਸ ਮੌਕੇ ਪੀ.ਏ.ਯੂ. ਦੇ ਉੱਚ ਅਧਿਕਾਰੀ, ਡੀਨ ਡਾਇਰੈਕਟਰ, ਵਿਭਾਗਾਂ ਦੇ ਮੁਖੀ ਅਤੇ ਸਮੂਹ ਅਧਿਆਪਕ ਮੌਜੂਦ ਸਨ | ਖੇਤਰੀ ਕੇਂਦਰਾਂ ਦੇ ਅਧਿਆਪਕ ਆਨਲਾਈਨ ਢੰਗ ਨਾਲ ਇਸ ਸਮਾਰੋਹ ਦਾ ਹਿੱਸਾ ਬਣੇ |