ਲੁਧਿਆਣਾ, 6 ਸਤੰਬਰ (ਡਾ. ਤਰਲੋਚਨ ਸਿੰਘ)-ਪੰਜਾਬ ਅਤੇ ਨੇੜਲੇ ਇਲਾਕਿਆਂ ਵਿਚ ਆਏ ਹੜ੍ਹ ਪੀੜਤਾਂ ਨੂੰ ਵਧੀਆ ਇਲਾਜ ਪਹੁੰਚਾਉਣ ਲਈ ਦਿਆਨੰਦ ਹਸਪਤਾਲ ਵਲੋਂ ਇਕ ਪਬਲਿਕ ਆਊਟਰੀਚ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ ਅਤੇ ਇਸ ਲਈ ਖ਼ਾਸ ਫਲੱਡ ਰਾਹਤ ਟੀਮ ਬਣਾਈ ਹੈ | ਇਸ ਯੋਜਨਾ ਅਧੀਨ ਐਂਬੂਲੈਂਸ ਸੇਵਾਵਾਂ, ਮੁਫ਼ਤ ਮੈਡੀਕਲ ਚੈੱਕਅਪ ਕੈਂਪ ਅਤੇ ਜ਼ਰੂਰੀ ਸਹਾਇਤਾ ਹੜ੍ਹ ਪ੍ਰਭਾਵਿਤ ਲੋਕਾਂ ਤੱਕ ਪਹੁੰਚਾਈ ਜਾ ਰਹੀ ਹੈ | ਇਸ ਉਪਰਾਲੇ ਵਿਚ ਇੰਸਟੀਚਿਊਟ ਦੇ ਸੀਨੀਅਰ ਡਾਕਟਰਾਂ ਅਤੇ ਪੈਰਾਮੈਡੀਕਲ ਸਟਾਫ਼ ਦੀ ਟੀਮ ਡਾ. ਜੀ.ਐਸ. ਵਾਂਡਰ ਦੀ ਰਹਿਨੁਮਾਈ ਹੇਠ ਮਾਹਿਰ ਡਾ. ਬਿਸ਼ਵ ਮੋਹਨ ਚੀਫ਼ ਕਾਰਡੀਓਲੋਜਿਸਟ, ਡਾ. ਰਜੇਸ਼ ਮਹਾਜਨ, ਡਾ. ਵਿਪਿਨ ਕੁਮਾਰ, ਡਾ. ਸਮੀਰ ਕਪੂਰ, ਡਾ. ਅੰਕਿਤ ਗੁਲੀਆ, ਡਾ. ਪ੍ਰਭਲੀਨ, ਡਾ. ਸੰਦੀਪ, ਡਾ. ਅਜੈ, ਡਾ. ਅਭਿਨਵ, ਡਾ. ਸ਼ਿਕਰ, ਡਾ. ਯੋਗੇਸ਼ ਅਤੇ ਡਾ. ਵਿਨੈ ਸਰਗਰਮੀ ਨਾਲ ਰਾਹਤ ਕੰਮਾਂ ਵਿਚ ਹਿੱਸਾ ਲੈ ਰਹੇ ਹਨ | ਉਨ੍ਹਾਂ ਦੀ ਮਦਦ ਲਈ ਪੋਸਟ ਗੈ੍ਰਜੂਏਟ ਵਿਦਿਆਰਥੀਆਂ, ਨਰਸਿੰਗ ਸਟਾਫ਼, ਵਾਰਡ ਬੌਆਇਜ ਅਤੇ ਸਹਾਇਕ ਸਟਾਫ਼ ਦੀ ਸਮਰਪਿਤ ਟੀਮ ਨੇ ਦਿਨ-ਰਾਤ ਮਿਹਨਤ ਕਰਕੇ ਜ਼ਰੂਰਤਮੰਦਾਂ ਤੱਕ ਸਮੇਂ-ਸਿਰ ਡਾਕਟਰੀ ਸਹਾਇਤਾ ਪਹੁੰਚਾਈ ਜਾ ਰਹੀ ਹੈ | ਟੀਮ ਨੇ ਫ਼ਿਰੋਜ਼ਪੁਰ ਦੇ ਦੂਰਦਰਾਜ ਹੜ੍ਹ ਪ੍ਰਭਾਵਿਤ ਪਿੰਡਾਂ ਜਿਵੇਂ ਰੁਕਨੇ ਵਾਲਾ, ਬਾਘੇਵਾਲਾ ਅਤੇ ਜਲਲੋਕੇ ਅਤੇ ਅੰਮਿ੍ਤਸਰ ਦੇ ਅਜਨਾਲਾ ਵਿਚ ਇਕ ਪੂਰੀ ਤਰ੍ਹਾਂ ਸਜੀ ਹੋਈ ਕਿ੍ਟਿਕਲ ਕੇਅਰ ਯੂਨਿਟ ਸਥਾਪਿਤ ਕੀਤਾ | ਇੱਥੋਂ ਦੇ ਨਿਵਾਸੀਆਂ ਨੂੰ ਮੁਫ਼ਤ ਸਲਾਹ, ਦਵਾਈਆਂ ਅਤੇ ਜ਼ਰੂਰੀ ਸਾਮਾਨ ਮੁਹੱਈਆ ਕਰਵਾਇਆ ਗਿਆ | ਇਸ ਮੌਕੇ ਬਿਪਿਨ ਗੁਪਤਾ, ਸਕੱਤਰ ਮੈਨੇਜਿੰਗ ਸੁਸਾਇਟੀ ਨੇ ਕਿਹਾ ਕਿ ਇਹ ਉਪਰਾਲਾ ਸਾਡੀ ਵਚਨਬੱਧਤਾ ਨੂੰ ਦਰਸਾਉਂਦਾ ਹੈ ਕਿ ਅਸੀਂ ਸਿਰਫ਼ ਉੱਚ ਗੁਣਵੱਤਾ ਵਾਲੀ ਸਿਹਤ ਸੇਵਾ ਹੀ ਨਹੀਂ, ਸਗੋਂ ਕੁਦਰਤੀ ਆਫ਼ਤਾਂ ਵਿਚ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਵੀ ਤਿਆਰ ਹਾਂ | ਪਿ੍ੰਸੀਪਲ ਡਾ. ਜੀ.ਐਸ. ਵਾਂਡਰ ਨੇ ਕਿਹਾ ਕਿ ਇਹ ਪ੍ਰੋਗਰਾਮ ਹਸਪਤਾਲ ਦਾ ਟੀਮ ਵਰਕ ਅਤੇ ਦਿਲੀ ਹਮਦਰਦੀ ਦੀ ਰੂਹ ਨੂੰ ਦਰਸਾਉਂਦੇ ਹਨ | ਡਾ. ਬਿਸ਼ਵ ਮੋਹਨ ਨੇ ਕਿਹਾ ਕਿ ਸਾਡੀਆਂ ਐਂਬੂਲੈਂਸ ਸੇਵਾਵਾਂ ਨਾਲ ਮਰੀਜ਼ਾਂ ਨੂੰ ਸਮੇਂ-ਸਿਰ ਇਲਾਜ ਮਿਲ ਰਿਹਾ ਹੈ |