ਲੁਧਿਆਣਾ, 21 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਮਾਡਲ ਦੇ ਘੇਰੇ ਅੰਦਰ ਪੈਂਦੇ ਇਲਾਕੇ ਗੁਰੂ ਤੇਗ਼ ਬਹਾਦਰ ਮਾਰਕੀਟ 'ਚ ਦੇਰ ਰਾਤ ਸਥਿਤੀ ਉਸ ਵਕਤ ਤਣਾਅਪੂਰਨ ਬਣ ਗਈ, ਜਦੋਂ ਨਕਲੀ ਖੇਡਾਂ ਦਾ ਸਾਮਾਨ ਵੇਚਣ ਦਾ ਦੋਸ਼ ਲਗਾ ਕੇ ਇਕ ਦੁਕਾਨਦਾਰ ਨੂੰ ਬਲੈਕਮੇਲ ਕਰਨ ਆਏ ਤਿੰਨ ਵਿਅਕਤੀਆਂ ਵਿਚੋਂ ਦੋ ਨੂੰ ਲੋਕਾਂ ਨੇ ਕਾਬੂ ਕਰ ਲਿਆ ਅਤੇ ਇਹਨਾਂ ਦਾ ਕੁਟਾਪਾ ਚਾੜ੍ਹਨ ਉਪਰੰਤ ਪੁਲਿਸ ਹਵਾਲੇ ਕਰ ਦਿੱਤਾ | ਜਾਣਕਾਰੀ ਅਨੁਸਾਰ ਮੁਹਾਲੀ ਦੇ ਰਹਿਣ ਵਾਲੇ ਇਕ ਵਿਅਕਤੀ ਨੇ ਇਕ ਨਿੱਜੀ ਸੁਰੱਖਿਆ ਕੰਪਨੀ ਤੋਂ ਦੋ ਹਥਿਆਰਬੰਦ ਨੌਜਵਾਨਾਂ ਨੂੰ ਆਪਣੇ ਨਾਲ ਲੈ ਲਿਆ ਤੇ ਇਹ ਤਿੰਨੋ ਜਣੇ ਗੁਰੂ ਤੇਗ਼ ਬਹਾਦਰ ਮਾਰਕੀਟ ਸਥਿਤ ਸ਼ੇਰਾ ਸਪੋਰਟਸ 'ਤੇ ਆ ਗਏ | ਉੱਥੇ ਆ ਕੇ ਇਹਨਾਂ ਨੇ ਆਪਣੇ ਆਪ ਨੂੰ ਇਕ ਅੰਤਰਰਾਸ਼ਟਰੀ ਕੰਪਨੀ ਦੇ ਅਧਿਕਾਰੀ ਦੱਸਿਆ ਅਤੇ ਉੱਥੇ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ | ਉੱਥੇ ਪਏ ਸਾਮਾਨ ਵਿਚੋਂ ਇਹਨਾਂ ਨੇ ਕੁੱਝ ਨੂੰ ਨਕਲੀ ਦੱਸਿਆ ਅਤੇ ਦੁਕਾਨਦਾਰ ਨੂੰ ਕੇਸ ਦਰਜ ਕਰਨ ਦੀ ਧਮਕੀ ਦੇਣ ਲੱਗ ਪਏ | ਸ਼ੱਕ ਪੈਣ 'ਤੇ ਦੁਕਾਨਦਾਰ ਨੇ ਆਪਣੇ ਕੁੱਝ ਸਾਥੀ ਬੁਲਾ ਲਏ ਅਤੇ ਉਨ੍ਹਾਂ ਨੇ ਇਹਨਾਂ ਪਾਸੋਂ ਸ਼ਨਾਖ਼ਤੀ ਕਾਰਡਾਂ ਦੀ ਮੰਗ ਕੀਤੀ, ਜਿਸ 'ਤੇ ਇਹ ਉੱਥੇ ਆਪਣੇ ਸ਼ਨਾਖ਼ਤੀ ਕਾਰਡ ਪੇਸ਼ ਨਹੀਂ ਕਰ ਸਕੇ | ਇਕੱਠੇ ਹੋਏ ਲੋਕਾਂ ਨੇ ਇਹਨਾਂ ਨੂੰ ਕਾਬੂ ਕਰ ਲਿਆ ਅਤੇ ਜੰਮ ਕੇ ਕੁਟਾਪਾ ਕੀਤਾ | ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ | ਸੂਚਨਾ ਮਿਲਦਿਆਂ ਪੁਲਿਸ ਉਚ ਅਧਿਕਾਰੀ ਮੌਕੇ 'ਤੇ ਪਹੁੰਚੇ | ਜਾਂਚ ਕਰ ਰਹੇ ਅਧਿਕਾਰੀ ਐਸ.ਐਚ.ਓ. ਜਸਵਿੰਦਰ ਸਿੰਘ ਨੇ ਦੱਸਿਆ ਕਿ ਕਥਿਤ ਦੋਸ਼ੀ ਦੁਕਾਨਦਾਰ ਤੋਂ ਇਕ ਲੱਖ ਰੁਪਏ ਦੀ ਮੰਗ ਕਰ ਰਹੇ ਸਨ | ਉਨ੍ਹਾਂ ਦੱਸਿਆ ਕਿ ਦੁਕਾਨਦਾਰ ਨੂੰ ਪਹਿਲਾਂ ਤੋਂ ਹੀ ਸ਼ੱਕ ਹੋ ਗਿਆ ਸੀ, ਜਿਸ ਕਾਰਨ ਉਸ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਸੀ | ਪੁਲਿਸ ਵਲੋਂ ਕਾਬੂ ਕੀਤੇ ਗਏ ਕਥਿਤ ਦੋਸ਼ੀਆਂ ਵਿਚ ਰੋਹਿਤ ਧਮੀਜਾ ਪੁੱਤਰ ਮਹੇਸ਼ ਕੁਮਾਰ ਅਤੇ ਉਸਦਾ ਸਾਥੀ ਬਲਜਿੰਦਰ ਸਿੰਘ ਵਾਸੀ ਰਾਜਪੁਰਾ ਸ਼ਾਮਿਲ ਹਨ, ਜਦਕਿ ਇਸ ਸਾਰੇ ਗਰੋਹ ਦਾ ਮੁਖੀ ਸਿੰਘ ਈਸ਼ਵਰ ਸਿੰਘ ਵਾਸੀ ਪਿੰਡ ਬਨੂੜ, ਮੁਹਾਲੀ ਮੌਕੇ ਤੋਂ ਫ਼ਰਾਰ ਹੋ ਗਿਆ | ਈਸ਼ਵਰ ਸਿੰਘ ਵਲੋਂ ਹੀ ਇਹਨਾਂ ਦੋਵਾਂ ਨੂੰ ਇਕ ਨਿੱਜੀ ਸੁਰੱਖਿਆ ਕੰਪਨੀ ਤੋਂ ਭਾੜੇ 'ਤੇ ਆਪਣੇ ਨਾਲ ਲਿਆਂਦਾ ਸੀ | ਪੁਲਿਸ ਵਲੋਂ ਇਸ ਮਾਮਲੇ ਵਿਚ ਦੁਕਾਨਦਾਰ ਗੁਰਮੀਤ ਸਿੰਘ ਦੀ ਸ਼ਿਕਾਇਤਕਰਤਾ 'ਤੇ ਇਹਨਾਂ ਨੂੰ ਕਾਬੂ ਕਰ ਲਿਆ ਹੈ | ਕਾਬੂ ਕੀਤੇ ਕਥਿਤ ਦੋਸ਼ੀਆਂ ਪਾਸੋਂ ਹੋਰ ਵੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ | ਸ਼ਿਕਾਇਤਕਰਤਾ ਗੁਰਮੀਤ ਸਿੰਘ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਸੀ, ਜਦੋਂ ਦੋਸ਼ੀ ਨੇ ਉਸਦੀ ਦੁਕਾਨ ਨੂੰ ਆਏ ਸਨ | ਇਸ ਤੋਂ ਪਹਿਲਾਂ 19 ਸਤੰਬਰ ਨੂੰ ਵੀ ਉਸ ਨੇ 50,000 ਰੁਪਏ ਵਸੂਲੇ ਸਨ, ਜਿਸ ਕਾਰਨ ਉਸ ਨੂੰ ਪਹਿਲਾਂ ਤੋਂ ਹੀ ਸ਼ੱਕ ਸੀ | ਜਦੋਂ ਉਸਦਾ ਭਤੀਜਾ ਸਿਮਰਨਜੀਤ ਸਿੰਘ ਦੁਕਾਨ 'ਤੇ ਮੌਜੂਦ ਸੀ | ਪੁਲਿਸ ਵਲੋਂ ਮੌਕੇ 'ਤੇ ਫ਼ਰਾਰ ਹੋਏ ਈਸ਼ਵਰ ਸਿੰਘ ਦੀ ਭਾਲ ਕੀਤੀ ਜਾ ਰਹੀ ਹੈ |