ਲੁਧਿਆਣਾ, 21 ਸਤੰਬਰ (ਡਾ. ਤਰਲੋਚਨ ਸਿੰਘ)-ਡਾ. ਦਵਾਰਕਾ ਨਾਥ ਕੋਟਨਿਸ ਸਿਹਤ ਅਤੇ ਸਿੱਖਿਆ ਕੇਂਦਰ, ਲੁਧਿਆਣਾ ਦੇ ਡਾਇਰੈਕਟਰ ਪ੍ਰੋ. ਡਾ. ਇੰਦਰਜੀਤ ਸਿੰਘ ਅਤੇ ਸੀਨੀਅਰ ਡੈਂਟਲ ਸਰਜਨ ਅਤੇ ਐਕਯੂਪੰਕਚਰਿਸਟ ਡਾ. ਚੇਤਨਾ ਚੋਪੜਾ ਨੇ ਸਿਹਤ ਵਿਕਾਸ ਅਤੇ ਰਵਾਇਤੀ ਦਵਾਈਆਂ ਦੀ ਵਰਤੋਂ ਬਾਰੇ ਇਕ ਅੰਤਰਰਾਸ਼ਟਰੀ ਕਾਨਫਰੰਸ ਵਿਚ ਹਿੱਸਾ ਲਿਆ | ਇਹ ਕਾਨਫਰੰਸ ਸੰਯੁਕਤ ਰਾਸ਼ਟਰ, ਵਿਸ਼ਵ ਸਿਹਤ ਸੰਗਠਨ ਅਤੇ ਵਿਸ਼ਵ ਐਕਯੂਪੰਕਚਰ ਸੋਸਾਇਟੀਜ਼ ਫੈਡਰੇਸ਼ਨ ਵਲੋਂ ਆਯੋਜਿਤ ਕੀਤੀ ਗਈ ਸੀ | ਕਾਨਫਰੰਸ ਵਿਚ 66 ਤੋਂ ਵੱਧ ਦੇਸ਼ਾਂ ਦੇ 300 ਤੋਂ ਵੱਧ ਡੈਲੀਗੇਟਾਂ ਨੇ ਹਿੱਸਾ ਲਿਆ | ਕਾਨਫਰੰਸ ਵਿਚ ਐਕਿਊਪੰਕਚਰ, ਯੋਗਾ, ਆਯੂਰਵੇਦ ਅਤੇ ਕੁਦਰਤੀ ਇਲਾਜ ਵਰਗੀਆਂ ਰਵਾਇਤੀ ਡਾਕਟਰੀ ਪ੍ਰਣਾਲੀਆਂ ਬਾਰੇ ਵਿਚਾਰ ਚਰਚਾ ਕੀਤੀ ਗਈ ਕਿ ਕਿਵੇਂ ਇਹ ਵਿਸ਼ਵ ਸਿਹਤ ਨੂੰ ਬਿਹਤਰ ਬਣਾਉਣ ਵਿਚ ਮਦਦ ਕਰ ਸਕਦੀਆਂ ਹਨ | ਖਾਸ ਕਰਕੇ ਉਨ੍ਹਾਂ ਦੇਸ਼ਾਂ ਵਿਚ ਜਿਥੇ ਡਾਕਟਰੀ ਸਹੂਲਤਾਂ ਘੱਟ ਹਨ | ਕਾਨਫਰੰਸ ਵਿਚ ਡਾ. ਇੰਦਰਜੀਤ ਸਿੰਘ ਨੇ ਕਿਹਾ ਕਿ ਸਿਹਤ ਅਤੇ ਰੋਜ਼ੀ-ਰੋਟੀ ਆਪਸ ਵਿਚ ਜੁੜੇ ਹੋਏ ਹਨ | ਉਨ੍ਹਾਂ ਅੱਗੇ ਕਿਹਾ ਕਿ ਆਧੁਨਿਕ ਦਵਾਈ ਵਿਚ ਤਰੱਕੀ ਦੇ ਬਾਵਜੂਦ ਬਹੁਤ ਸਾਰੇ ਲੋਕ ਜੀਵਨ ਸ਼ੈਲੀ ਦੀਆਂ ਬਿਮਾਰੀਆਂ ਅਤੇ ਤਣਾਅ ਤੋਂ ਪੀੜਤ ਹਨ, ਕਿਉਂਕਿ ਉਨ੍ਹਾਂ ਨੂੰ ਸਮੇਂ ਸਿਰ ਅਤੇ ਢੁਕਵਾਂ ਇਲਾਜ ਨਹੀਂ ਮਿਲਦਾ | ਉਨ੍ਹਾਂ ਕਿਹਾ ਕਿ ਰਵਾਇਤੀ ਦਵਾਈ ਪ੍ਰਣਾਲੀਆਂ ਸਰੀਰ ਅਤੇ ਮਨ ਨੂੰ ਸੰਤੁਲਿਤ ਕਰਨ ਅਤੇ ਸਮੁੱਚੀ ਸਿਹਤ ਨੂੰ ਬਿਹਤਰ ਬਣਾਉਣ ਵਿਚ ਮਦਦ ਕਰਦੀਆਂ ਹਨ | ਉਨ੍ਹਾਂ ਕਿਹਾ ਕਿ ਐਕਿਊਪੰਕਚਰ ਸਰੀਰ ਵਿਚ ਊਰਜਾ ਦੇ ਪ੍ਰਵਾਹ ਨੂੰ ਬਹਾਲ ਕਰਦਾ ਹੈ, ਦਰਦ ਘਟਾਉਂਦਾ ਹੈ ਅਤੇ ਕੁਦਰਤੀ ਇਲਾਜ ਨੂੰ ਉਤਸ਼ਾਹਿਤ ਕਰਦਾ ਹੈ | ਇਹ ਇਲਾਜ ਸੁਰੱਖਿਅਤ, ਕਿਫਾਇਤੀ ਅਤੇ ਆਧੁਨਿਕ ਦਵਾਈ ਨਾਲ ਜੋੜ ਕੇ ਪ੍ਰਭਾਵਸ਼ਾਲੀ ਹੋ ਸਕਦੇ ਹਨ | ਡਾ. ਸਿੰਘ ਨੇ ਡਬਲਿਊ. ਐਚ. ਓ., ਡਬਲਿਊ. ਐਫ. ਏ. ਐਸ ਅਤੇ ਸੰਯੁਕਤ ਰਾਸ਼ਟਰ ਦੇ ਸਹਿਯੋਗ ਨਾਲ ਰਵਾਇਤੀ ਦਵਾਈ ਸਿਖਲਾਈ ਕੇਂਦਰ ਸਥਾਪਤ ਕਰਨ, ਮੁਫ਼ਤ ਸਿਹਤ ਕੈਂਪ ਲਗਾਉਣ ਦਾ ਸੁਝਾਅ ਵੀ ਦਿੱਤਾ | ਡਾ. ਚੇਤਨਾ ਚੋਪੜਾ ਨੇ ਕਿਹਾ ਕਿ ਮੂੰਹ ਅਤੇ ਦੰਦਾਂ ਦੀ ਸਿਹਤ ਸਮੁੱਚੀ ਸਿਹਤ ਲਈ ਬਹੁਤ ਜ਼ਰੂਰੀ ਹੈ |