ਲੁਧਿਆਣਾ, 24 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਇੰਗਲੈਂਡ, ਕੈਨੇਡਾ, ਆਸਟ੍ਰੇਲੀਆ ਅਤੇ ਫਰਾਂਸ ਸਮੇਤ ਯੂਰਪ ਦੇ ਹੋਰ ਮੁਲਕਾਂ ਵੱਲੋਂ ਸੰਯੁਕਤ ਰਾਸ਼ਟਰ ਵਿਚ ਫਿਲਸਤੀਨ ਨੂੰ ਮਾਨਤਾ ਦੇਣਾ ਵੱਡੀ ਅੰਤਰਾਸ਼ਟਰੀ ਘਟਨਾ ਹੈ | ਸ਼੍ਰੋਮਣੀ ਅਕਾਲੀ ਦਲ (ਅਮਿ੍ਤਸਰ) ਦੀ ਇਸਤਰੀ ਵਿੰਗ ਦੀ ਕੌਮੀ ਮੀਤ ਪ੍ਰਧਾਨ ਬੀਬੀ ਮਨਦੀਪ ਕੌਰ ਸੰਧੂ ਨੇ ਇਸ ਦੀ ਸ਼ਲਾਘਾ ਕੀਤੀ ਹੈ | ਉਨ੍ਹਾਂ ਕਿਹਾ ਕਿ ਆਖਿਰ ਫਿਲਸਤੀਨ ਕੌਮ ਦੀ ਜਿੱਤ ਹੋਈ ਅਤੇ ਕੌਮਾਂ ਦੇ ਆਪਾ ਨਿਰਣਾ ਦੇ ਹੱਕ ਨੂੰ ਮਾਨਤਾ ਮਿਲੀ, ਬੀਬੀ ਸੰਧੂ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਵੀ ਸੰਯੁਕਤ ਰਾਸ਼ਟਰ ਵਿਚ ਫਿਲਸਤੀਨ ਨੂੰ ਮਾਨਤਾ ਦਿੱਤੀ ਗਈ ਹੈ ਅਤੇ ਇਸੇ ਸਿਧਾਂਤ ਅਨੁਸਾਰ ਵੱਖਰੇ ਸਿੱਖ ਰਾਜ ਨੂੰ ਵੀ ਮਾਨਤਾ ਦਿੱਤੀ ਜਾਵੇ ਤਾਂ ਜੋ ਸਿੱਖ ਕੌਮ ਵੀ ਆਜ਼ਾਦੀ ਦਾ ਨਿੱਘ ਮਾਣ ਸਕੇ, ਉਨ੍ਹਾਂ ਕਿਹਾ ਕਿ ਫਿਲਸਤੀਨੀ ਕੌਮ ਕੋਲ ਨਾ ਕੋਈ ਧਰਤੀ ਹੈ, ਨਾ ਫੌਜ ਨਾ ਹੀ ਕੋਈ ਸਰਹੱਦਾਂ ਪਰ ਸੰਯੁਕਤ ਰਾਸ਼ਟਰ ਨੇ ਕੌਮਾਂ ਦੇ ਆਪਾ ਨਿਰਣਾ ਹੱਕ ਨੂੰ ਮਾਨਤਾ ਦਿੰਦੇ ਹੋਏ ਇਕ ਨਵੇਂ ਮੁਲਕ ਨੂੰ ਪ੍ਰਵਾਨਗੀ ਦਿੱਤੀ ਹੈ, ਅਤੇ 193 ਮੁਲਕਾਂ 'ਚੋਂ 147 ਮੁਲਕਾਂ ਨੇ ਇਸ ਦੇਸ਼ ਨੂੰ ਪ੍ਰਵਾਨਗੀ ਦਿੱਤੀ ਹੈ ਅਤੇ ਇਸ ਮਤੇ ਅਨੁਸਾਰ ਹੀ ਖਾਲਿਸਤਾਨ ਦੇ ਮਤੇ ਨੂੰ ਵੀ ਪ੍ਰਵਾਨਗੀ ਦਿੱਤੀ ਜਾਵੇ, ਉਨ੍ਹਾਂ ਕਿਹਾ ਕਿ ਸੰਯੁਕਤ ਰਾਸ਼ਟਰ ਦੇ ਇਸ ਮਤੇ ਨੇ ਸ. ਸਿਮਰਨਜੀਤ ਸਿੰਘ ਮਾਨ ਦੇ ਵਿਚਾਰ ਦੀ ਪ੍ਰੋੜਤਾ ਵੀ ਕੀਤੀ ਹੈ | ਉਨ੍ਹਾਂ ਕਿਹਾ ਕਿ ਭਾਰਤ ਵਿਚ ਵੀ ਸਮੂਹ ਸਿੱਖ ਕੌਮ ਨੂੰ ਆਪਣੇ ਇਸ ਹੱਕ ਦੀ ਪ੍ਰਾਪਤੀ ਲਈ ਜੱਦੋ ਜਹਿਦ ਕਰਨੀ ਚਾਹੀਦੀ ਹੈ |