06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਚਾਚੇ ਦੀ ਦੁਕਾਨ ਨੂੰ ਪੈਟਰੋਲ ਬੰਬ ਨਾਲ ਉਡਾਉਣ ਦੀ ਸਾਜਿਸ਼ ਰਚਣ ਵਾਲਾ ਭਤੀਜਾ ਸਾਥੀ ਸਮੇਤ ਕਾਬੂ <br/>

Ad Position 21
No active advertisement
ਅਜੀਤ ਡੈਸਕ 26-09-2025
ਲੁਧਿਆਣਾ, 25 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਸੁੰਦਰ ਨਗਰ ਵਿਚ ਚਾਚੇ ਦੀ ਦੁਕਾਨ ਨੂੰ ਪੈਟਰੋਲ ਬੰਬ ਨਾਲ ਉਡਾਉਣ ਦੀ ਸਾਜ਼ਿਸ਼ ਕਰਨ ਵਾਲੇ ਭਤੀਜੇ ਨੂੰ ਪੁਲਿਸ ਨੇ ਉਸ ਦੇ ਸਾਥੀ ਸਮੇਤ ਕਾਬੂ ਕਰਕੇ ਭਾਰੀ ਮਾਤਰਾ 'ਚ ਸਾਮਾਨ ਬਰਾਮਦ ਕੀਤਾ ਹੈ | ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਸ਼ਿਕਾਇਤਕਰਤਾ ਦੇ ਭਤੀਜੇ ਸੋਨੂੰ ਕੁਮਾਰ (19) ਵਾਸੀ ਬਸਤੀ ਜੋਧੇਵਾਲ ਤੇ ਉਸ ਦੇ ਸਾਥੀ ਮੁਹੰਮਦ ਆਮਿਰ (30) ਵਾਸੀ ਜਗੀਰਪੁਰ ਵਜੋਂ ਹੋਈ ਹੈ | ਇਹ ਦੋਵੇਂ ਉਤਰ ਪ੍ਰਦੇਸ਼ ਦੇ ਰਹਿਣ ਵਾਲੇ ਹਨ | ਪੁਲਿਸ ਨੇ ਇਨ੍ਹਾਂ ਦੇ ਕਬਜ਼ੇ 'ਚੋਂ ਸੱਤ ਪੈਕੇਟਾਂ ਵਿਚ ਲਗਭਗ 5-6 ਲੀਟਰ ਪੈਟਰੋਲ, ਇਕ ਗੱਤੇ ਦਾ ਡੱਬਾ, ਦੋ ਬੈਟਰੀ ਸੈੱਲ, ਇਕ ਛੋਟੀ ਘੜੀ, ਇਕ ਛੋਟੀ ਮੋਟਰ, ਤਾਰਾਂ ਅਤੇ 15-20 ਗ੍ਰਾਮ ਹਲਕਾ ਪੀਲਾ ਪਾਊਡਰ ਬਰਾਮਦ ਕੀਤਾ ਹੈ | ਉਨ੍ਹਾਂ ਦੱਸਿਆ ਕਿ ਇਸ ਪਾਊਡਰ ਨੂੰ ਫਰੋਂਸਿਕ ਜਾਂਚ ਲਈ ਭੇਜਿਆ ਜਾ ਰਿਹਾ ਹੈ ਅਤੇ ਉਸ ਤੋਂ ਬਾਅਦ ਹੀ ਇਸ ਦੀ ਸਥਿਤੀ ਸਪਸ਼ਟ ਹੋਵੇਗੀ | ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਵਲੋਂ ਇਹ ਕਾਰਵਾਈ ਅਜੇ ਬੈਗ ਹਾਊਸ ਦੇ ਮਾਲਕ ਅਜੇ ਕੁਮਾਰ ਦੀ ਸ਼ਿਕਾਇਤ 'ਤੇ ਅਮਲ ਵਿਚ ਲਿਆਂਦੀ ਗਈ | ਉਨ੍ਹਾਂ ਦੱਸਿਆ ਕਿ ਸੋਨੰੂ ਬੈਗ ਹਾਊਸ ਦੇ ਮਾਲਕ ਅਜੇ ਕੁਮਾਰ ਦਾ ਭਤੀਜਾ ਹੈ | ਉਨ੍ਹਾਂ ਦੱਸਿਆ ਕਿ 20 ਸਤੰਬਰ ਨੂੰ ਸ਼ਾਮ 7.00 ਵਜੇ ਦੇ ਕਰੀਬ ਇਕ ਅਣਪਛਾਤਾ ਵਿਅਕਤੀ, ਜਿਸ ਨੇ ਮਾਸਕ ਪਾਇਆ ਹੋਇਆ ਸੀ, ਉਸ ਦੀ ਦੁਕਾਨ 'ਤੇ ਆਇਆ ਤੇ ਉਸ ਨੇ ਉਥੇ ਇਕ ਸੂਟਕੇਸ ਪਸੰਦ ਕੀਤਾ | ਉਸ ਦੱਸਿਆ ਕਿ ਉਕਤ ਵਿਅਕਤੀ ਨੇ ਉਸ ਨੂੰ 500 ਰਪਏ ਨਗਦੀ ਦਿੱਤੀ ਅਤੇ ਕਿਹਾ ਕਿ ਉਹ ਇਹ ਸੂਟਕੇਸ ਕੁਝ ਦੇਰ ਬਾਅਦ ਆ ਕੇ ਲੈ ਕੇ ਜਾਵੇਗਾ ਪਰ ਉਹ ਨਹੀਂ ਆਇਆ ਅਤੇ ਇਸ ਦੌਰਾਨ ਉਕਤ ਨੌਜਵਾਨ ਉਸ ਦੀ ਦੁਕਾਨ 'ਤੇ ਇਕ ਗੱਤੇ ਦਾ ਡੱਬਾ ਰੱਖ ਗਿਆ | ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਅਜੇ ਕੁਮਾਰ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਕਿਹਾ ਹੈ ਕਿ ਦੇਰ ਰਾਤ ਜਦੋਂ ਦੁਕਾਨ ਬੰਦ ਕਰਨ ਸਮੇਂ ਉਸ ਨੰੂ ਉਕਤ ਗੱਤੇ ਵਿਚੋਂ ਪੈਟਰੋਲ ਦੀ ਬਦਬੂ ਆਈ ਤਾਂ ਉਸ ਨੇ ਇਸ ਸੰਬੰਧੀ ਦੁਕਾਨਦਾਰ ਜਥੇਬੰਦੀ ਦੇ ਪ੍ਰਧਾਨ ਨੂੰ ਸੂਚਿਤ ਕੀਤਾ ਅਤੇ ਪ੍ਰਧਾਨ ਨੇ ਇਹ ਸਾਰਾ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆਂਦਾ | ਪੁਲਿਸ ਨੇ ਜਦੋਂ ਗੱਤੇ ਦੇ ਡੱਬੇ ਨੂੰ ਖੋਲ੍ਹ ਕੇ ਦੇਖਿਆ ਤਾਂ ਉਸ ਵਿਚ ਪੈਟਰੋਲ, ਪਾਊਡਰ, ਬਿਜਲੀ ਦੀਆਂ ਤਾਰਾਂ, ਘੜੀ ਅਤੇ ਕੁੱਝ ਹੋਰ ਸਾਮਾਨ ਸੀ | ਜਾਂਚ ਕਰਨ 'ਤੇ ਪੁਲਿਸ ਨੇ ਪਾਇਆ ਕਿ ਤਾਰਾਂ ਕੱਟੀਆਂ ਹੋਈਆਂ ਸਨ ਅਤੇ ਘੜੀ ਕੰਮ ਨਹੀਂ ਕਰ ਰਹੀ ਸੀ | ਅਜੈ ਦੇ ਬਿਆਨ ਦੇ ਆਧਾਰ 'ਤੇ ਦਰੇਸੀ ਪੁਲਿਸ ਥਾਣੇ ਵਿਚ ਇਕ ਐਫ.ਆਈ.ਆਰ. ਦਰਜ ਕੀਤੀ ਗਈ ਸੀ | ਕਮਿਸ਼ਨਰ ਸ਼ਰਮਾ ਨੇ ਖ਼ੁਲਾਸਾ ਕੀਤਾ ਕਿ ਮੁੱਢਲੀ ਪੁੱਛਗਿੱਛ ਦੌਰਾਨ ਸੋਨੂੰ ਨੇ ਆਪਣੇ ਚਾਚੇ ਅਜੈ ਨਾਲ ਪੈਸੇ ਦੇ ਝਗੜੇ ਬਾਰੇ ਪੁਲਿਸ ਨੂੰ ਦੱਸਿਆ | ਸੋਨੂੰ ਪਹਿਲਾਂ ਅਜੈ ਦੀ ਬੈਗ ਦੀ ਦੁਕਾਨ 'ਤੇ ਕੰਮ ਕਰਦਾ ਸੀ ਪਰ ਛੇ ਮਹੀਨੇ ਪਹਿਲਾਂ ਉਨ੍ਹਾਂ ਦੇ ਝਗੜੇ ਤੋਂ ਬਾਅਦ ਉਸ ਨੇ ਆਪਣੀ ਦੁਕਾਨ ਖੋਲ੍ਹ ਲਈ ਅਤੇ ਆਪਣੇ ਚਾਚੇ ਨਾਲ ਰੰਜਿਸ਼ ਰੱਖਣ ਲੱਗ ਪਿਆ | ਇਸ ਰੰਜਿਸ਼ ਕਾਰਨ ਹੀ ਸੋਨੂੰ ਨੇ ਕਥਿਤ ਤੌਰ 'ਤੇ ਆਮਿਰ ਨਾਲ ਮਿਲ ਕੇ ਅਜੈ ਦੀ ਦੁਕਾਨ ਨੂੰ ਅੱਗ ਲਗਾ ਕੇ ਤਬਾਹ ਕਰਨ ਦੀ ਸਾਜ਼ਿਸ਼ ਰਚੀ ਤਾਂ ਜੋ ਆਪਣੇ ਕਾਰੋਬਾਰ ਨੂੰ ਹੋਰ ਵਧਾ ਸਕੇ | ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਦੋਵਾਂ ਨੇ ਯੂ-ਟਿਊਬ ਦੇਖ ਕੇ ਪੈਟਰੋਲ ਬੰਬ ਬਣਾਉਣਾ ਸਿੱਖਿਆ ਸੀ |

Ad Position 22
No active advertisement
ਪਿਛਲੀ ਖ਼ਬਰ ਗਿਆਸਪੁਰਾ ਵਿਖੇ ਅਦਾਲਤ ਵਲੋਂ ਜਾਗਰੂਕਤਾ ਕੈਂਪ <br/> ਅਗਲੀ ਖ਼ਬਰ ਚੋਰੀ ਦੇ ਮਾਮਲੇ 'ਚ ਨੌਕਰਾਣੀ ਸਮੇਤ ਚਾਰ ਖਿਲਾਫ਼ ਕੇਸ ਦਰਜ <br/>
Ad Position 24