ਲੁਧਿਆਣਾ, 26 ਸਤੰਬਰ (ਜਸਵਿੰਦਰ ਸਿੰਘ)-ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਵਲੋਂ ਪਸ਼ੂ ਪਾਲਣ ਕਿੱਤਿਆਂ ਵਿਚ ਨਿਵੇਕਲੀ ਕਾਰਗੁਜ਼ਾਰੀ ਵਿਖਾਉਣ ਵਾਲੇ ਚਾਰ ਅਗਾਂਹਵਧੂ ਕਿਸਾਨਾਂ ਨੂੰ ਅੱਜ ਪਸ਼ੂ ਪਾਲਣ ਮੇਲੇ ਵਿਚ ਮੁੱਖ ਮੰਤਰੀ ਪੁਰਸਕਾਰ ਭੇਟ ਕੀਤੇ ਗਏ | ਉਨ੍ਹਾਂ ਨੂੰ ਇਹ ਪੁਰਸਕਾਰ ਬੜੇ ਪ੍ਰਭਾਵਸ਼ਾਲੀ ਸਮਾਰੋਹ ਵਿਚ ਹਰਚੰਦ ਸਿੰਘ ਬਰਸਟ, ਚੇਅਰਮੈਨ ਪੰਜਾਬ ਮੰਡੀ ਬੋਰਡ ਨੇ ਵੈਟਰਨਰੀ ਯੂਨੀਵਰਸਿਟੀ ਮੇਲਾ ਗਰਾਊਾਡ ਵਿਖੇ ਪ੍ਰਦਾਨ ਕੀਤੇ | ਡਾ. ਰਵਿੰਦਰ ਸਿੰਘ ਗਰੇਵਾਲ, ਨਿਰਦੇਸ਼ਕ ਪਸਾਰ ਸਿੱਖਿਆ, ਨੇ ਪੁਰਸਕਾਰਾਂ ਬਾਰੇ ਦੱਸਦਿਆਂ ਕਿਹਾ ਕਿ ਪਸ਼ੂ ਪਾਲਣ ਕਿੱਤਿਆਂ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਦੇ ਸਮੂਹ ਕਿਸਾਨਾਂ ਕੋਲੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ | ਪ੍ਰਾਪਤ ਹੋਈਆਂ ਅਰਜ਼ੀਆਂ ਦੀ ਮੁੱਢਲੀ ਜਾਂਚ ਪੜਤਾਲ ਤੋਂ ਬਾਅਦ ਯੂਨੀਵਰਸਿਟੀ ਦੇ ਮਾਹਿਰਾਂ ਦੀ ਟੀਮ ਨੇ ਵੱਖ-ਵੱਖ ਫਾਰਮਾਂ ਦਾ ਦੌਰਾ ਕੀਤਾ ਤੇ ਪਸ਼ੂ ਪਾਲਕਾਂ ਵਲੋਂ ਅਪਣਾਈਆਂ ਜਾਣ ਵਾਲੀਆਂ ਨਵੀਨਤਮ ਤੇ ਆਪਣੇ ਤੌਰ 'ਤੇ ਵਿਕਸਿਤ ਤਕਨੀਕਾਂ ਦਾ ਬਰੀਕੀ ਨਾਲ ਮੁਆਇਨਾ ਕਰਨ ਉਪਰੰਤ ਗਾਂਵਾਂ ਪਾਲਣ ਦੀ ਸ਼੍ਰੇਣੀ ਵਿਚ ਸਿਕੰਦਰ ਸਿੰਘ ਸਵੈਚ, ਪੁੱਤਰ ਰਣਜੀਤ ਸਿੰਘ ਸਵੈਚ, ਪਿੰਡ ਖੇੜੀ ਜੱਟਾਂ, ਜ਼ਿਲ੍ਹਾ ਪਟਿਆਲਾ ਨੂੰ ਸਨਮਾਨਿਤ ਕੀਤਾ ਗਿਆ | ਉਨ੍ਹਾਂ ਕੋਲ 218 ਗਾਂਵਾਂ ਹਨ ਤੇ ਉਨ੍ਹਾਂ ਦੇ ਫਾਰਮ 'ਤੇ ਰੋਜ਼ਾਨਾ 25 ਕਵਿੰਟਲ ਦੁੱਧ ਦਾ ਉਤਪਾਦਨ ਹੁੰਦਾ ਹੈ | ਉਨ੍ਹਾਂ ਨੇ ਆਧੁਨਿਕ ਮਿਲਕਿੰਗ ਪਾਰਲਰ ਲਗਾਇਆ ਹੋਇਆ ਹੈ ਤੇ ਟੈਗ ਲਗਾ ਕੇ ਸਾਰੇ ਜਾਨਵਰਾਂ ਦੀ ਗਤੀਵਿਧੀ ਰਿਕਾਰਡ ਕਰਦੇ ਹਨ | ਰਹਿੰਦ-ਖੂੰਹਦ ਪ੍ਰਬੰਧਨ ਲਈ ਵੀ ਆਟੋਮੈਟਿਕ ਮਸ਼ੀਨ ਲਗਾਈ ਹੋਈ ਹੈ | ਸਾਰਾ ਰਿਕਾਰਡ ਕੰਪਿਊਟਰੀਕਿ੍ਤ ਹੈ | ਆਪਣਾ ਬਰਾਂਡ ਸਥਾਪਿਤ ਕਰਕੇ ਸਵੈ-ਮੰਡੀਕਾਰੀ ਕਰਦੇ ਹਨ | ਮੁਰਗ਼ੀ ਪਾਲਣ ਸ਼੍ਰੇਣੀ 'ਚ ਐਮ. ਬੀ. ਏ. ਵਿੱਦਿਆ ਪ੍ਰਾਪਤ ਰਾਕੇਸ਼ ਮਿਨਹਾਸ, ਪੁੱਤਰ ਰਜਿੰਦਰ ਸਿੰਘ ਮਿਨਹਾਸ, ਜ਼ਿਲ੍ਹਾ ਪਠਾਨਕੋਟ ਨੂੰ ਇਨਾਮ ਦਿੱਤਾ ਗਿਆ | ਉਨ੍ਹਾਂ ਨੇ 2014 ਵਿਚ ਬਰਾਇਲਰ ਫਾਰਮਿੰਗ ਸ਼ੁਰੂ ਕੀਤੀ ਹੁਣ ਉਹ ਸਾਲ 'ਚ ਇਕ ਕਰੋੜ ਤੋਂ ਵੱਧ ਬਰਾਇਲਰ ਵੇਚਦੇ ਹਨ | ਉਨ੍ਹਾਂ ਦੀ ਰੋਜ਼ਾਨਾ 40 ਹਜ਼ਾਰ ਪੰਛੀਆਂ ਦੀ ਸਪਲਾਈ ਹੈ | ਉਨ੍ਹਾਂ ਦਾ ਸਾਰਾ ਫਾਰਮ ਆਧੁਨਿਕ ਤਕਨੀਕਾਂ 'ਤੇ ਕੰਮ ਕਰਦਾ ਹੈ | ਗੁਣਵੱਤਾ ਭਰਪੂਰ ਉਤਪਾਦ ਬਣਾਉਣ ਦੀ ਸ਼੍ਰੇਣੀ 'ਚ ਅੰਮਿ੍ਤਪਾਲ ਸਿੰਘ ਪੁੱਤਰ ਤੇਜਾ ਸਿੰਘ, ਵਾਸੀ ਪਿੰਡ ਦੌਲਾ ਸਿੰਘ ਵਾਲਾ, ਜ਼ਿਲ੍ਹਾ ਸੰਗਰੂਰ ਨੂੰ ਸਨਮਾਨਿਤ ਕੀਤਾ ਗਿਆ | ਉਨ੍ਹਾਂ ਨੇ 2024 ਵਿਚ ਦੁੱਧ ਦੇ ਗੁਣਵੱਤਾ ਭਰਪੂਰ ਉਤਪਾਦ ਬਣਾ ਕੇ ਕਿੱਤਾ ਸ਼ੁਰੂ ਕੀਤਾ ਅਤੇ ਸਵੈ ਮੰਡੀਕਾਰੀ ਕਰਕੇ ਆਪਣੇ ਬਰਾਂਡ 'ਤੇ ਉਤਪਾਦ ਵੇਚ ਰਹੇ ਹਨ | ਉਨ੍ਹਾਂ ਨੇ ਉਚ ਵਿੱਦਿਆ ਵੀ ਗ੍ਰਹਿਣ ਕੀਤੀ ਹੋਈ ਹੈ ਅਤੇ ਅਧਿਆਪਨ ਦੇ ਕਿੱਤੇ ਨਾਲ ਵੀ ਜੁੜੇ ਰਹੇ | ਗੁਣਵੱਤਾ ਭਰਪੂਰ ਉਤਪਾਦ ਬਣਾਉਣ ਦੀ ਸ਼੍ਰੇਣੀ ਵਿਚ ਦੂਜਾ ਇਨਾਮ ਰਮਨਜੀਤ ਸਿੰਘ, ਪੁੱਤਰ ਗੁਰਮੀਤ ਸਿੰਘ, ਅੰਮਿ੍ਤਸਰ ਵਾਸੀ ਨੂੰ ਮੀਟ ਪ੍ਰਾਸੈਸਿੰਗ ਦੀ ਸ਼੍ਰੇਣੀ 'ਚ ਪ੍ਰਦਾਨ ਕੀਤਾ ਗਿਆ | ਇਨ੍ਹਾਂ ਨੇ 2008 ਵਿਚ ਇਹ ਕਿੱਤਾ ਸ਼ੁਰੂ ਕੀਤਾ ਅਤੇ 2015 ਵਿਚ ਉਨ੍ਹਾਂ ਨੇ ਆਪਣਾ ਸਾਰਾ ਪਲਾਂਟ ਆਟੋਮੈਟਿਕ (ਸਵੈਚਲਿਤ) ਕਰ ਲਿਆ | ਰੋਜ਼ਾਨਾ 30 ਕੁਇੰਟਲ ਦੇ ਕਰੀਬ ਉਤਪਾਦ ਪ੍ਰਾਸੈਸਿੰਗ ਕਰਕੇ ਆਪਣੇ ਬਰਾਂਡ ਨਾਂ ਥੱਲੇ ਖਾਣ ਲਈ ਤਿਆਰ ਉਤਪਾਦਾਂ ਵਜੋਂ ਵੇਚ ਰਹੇ ਹਨ | ਡਾ. ਗਰੇਵਾਲ ਨੇ ਦੱਸਿਆ ਕਿ ਪੁਰਸਕਾਰ 'ਚ ਨਕਦ ਇਨਾਮ ਤੋਂ ਇਲਾਵਾ ਸਨਮਾਨ ਪੱਤਰ, ਸ਼ਾਲ ਤੇ ਸਜਾਵਟੀ ਤਖ਼ਤੀ ਪ੍ਰਦਾਨ ਕੀਤੀ ਗਈ |