ਲੁਧਿਆਣਾ, 26 ਸਤੰਬਰ (ਭੁਪਿੰਦਰ ਸਿੰਘ ਬੈਂਸ)-ਮੌਜੂਦਾ ਵਿੱਤੀ ਸਾਲ ਲਈ ਪ੍ਰਾਪਰਟੀ ਟੈਕਸ ਦੀ ਅਦਾਇਗੀ 'ਤੇ 10 ਫੀਸਦੀ ਛੋਟ ਪ੍ਰਾਪਤ ਕਰਨ ਵਿਚ ਨਿਵਾਸੀਆਂ ਦੀ ਸਹੂਲਤ ਲਈ, ਨਗਰ ਨਿਗਮ ਦੇ ਸੁਵਿਧਾ ਕੇਂਦਰ 27 ਸਤੰਬਰ ਤੇ 28 ਸਤੰਬਰ ਨੂੰ ਰੁਟੀਨ ਕੰਮਕਾਜੀ ਘੰਟਿਆਂ ਦੌਰਾਨ ਖੁੱਲ੍ਹੇ ਰਹਿਣਗੇ | ਵਸਨੀਕ 30 ਸਤੰਬਰ ਤੱਕ ਮੌਜੂਦਾ ਵਿੱਤੀ ਸਾਲ (2025-26) ਲਈ ਪ੍ਰਾਪਰਟੀ ਟੈਕਸ ਦੇ ਭੁਗਤਾਨ 'ਤੇ 10 ਫੀਸਦੀ ਛੋਟ ਪ੍ਰਾਪਤ ਕਰ ਸਕਦੇ ਹਨ | ਨਗਰ ਨਿਗਮ ਅਧਿਕਾਰੀਆਂ ਨੇ ਦੱਸਿਆ ਕਿ ਜੇਕਰ ਭੁਗਤਾਨ 30 ਸਤੰਬਰ ਤੱਕ ਕੀਤਾ ਜਾਂਦਾ ਹੈ ਤਾਂ ਵਸਨੀਕ ਮੌਜੂਦਾ ਵਿੱਤੀ ਸਾਲ ਲਈ ਪ੍ਰਾਪਰਟੀ ਟੈਕਸ ਦੇ ਭੁਗਤਾਨ 'ਤੇ 10 ਫੀਸਦੀ ਛੋਟ ਪ੍ਰਾਪਤ ਕਰ ਸਕਦੇ ਹਨ | 1 ਅਕਤੂਬਰ ਤੋਂ 31 ਦਸੰਬਰ ਤੱਕ ਟੈਕਸ ਦੇ ਭੁਗਤਾਨ 'ਤੇ ਕੋਈ ਜੁਰਮਾਨਾ ਨਹੀਂ ਲਗਾਇਆ ਜਾਂਦਾ ਹੈ, ਜਦ ਕਿ ਵਿਭਾਗ 1 ਜਨਵਰੀ ਤੋਂ 31 ਮਾਰਚ ਤਕ ਟੈਕਸ ਦੇ ਭੁਗਤਾਨ 'ਤੇ 10 ਫੀਸਦੀ ਜੁਰਮਾਨਾ ਲਗਾਉਂਦਾ ਹੈ | ਜੁਰਮਾਨਾ ਵਧਾ ਕੇ 20 ਫੀਸਦੀ ਕਰ ਦਿੱਤਾ ਜਾਂਦਾ ਹੈ ਅਤੇ 18 ਫੀਸਦੀ ਸਾਲਾਨਾ ਵਿਆਜ ਵੀ ਲਗਾਇਆ ਜਾਂਦਾ ਹੈ, ਜੇਕਰ ਵਸਨੀਕ 31 ਮਾਰਚ ਤੱਕ ਮੌਜੂਦਾ ਵਿੱਤੀ ਸਾਲ ਲਈ ਪ੍ਰਾਪਰਟੀ ਟੈਕਸ ਦਾ ਭੁਗਤਾਨ ਕਰਨ ਵਿਚ ਅਸਫਲ ਰਹਿੰਦੇ ਹਨ | ਮੇਅਰ ਪਿ੍ੰਸੀਪਲ ਇੰਦਰਜੀਤ ਕੌਰ ਤੇ ਨਗਰ ਨਿਗਮ ਕਮਿਸ਼ਨਰ ਆਦਿਤਿਆ ਡੇਚਲਵਾਲ ਨੇ ਕਿਹਾ ਕਿ ਲੰਬੀਆਂ ਕਤਾਰਾਂ ਵਿਚ ਖੜ੍ਹੇ ਹੋਣ ਤੋਂ ਬਚਣ ਲਈ, ਵਸਨੀਕ ਨਗਰ ਨਿਗਮ ਦੀ ਵੈਬਸਾਈਟ (mcludhiana.gov.in) 'ਤੇ ਜਾ ਕੇ ਬਕਾਇਆ ਟੈਕਸ ਆਨਲਾਈਨ ਵੀ ਜਮਾਂ ਕਰਵਾ ਸਕਦੇ ਹਨ | ਮੇਅਰ ਇੰਦਰਜੀਤ ਕੌਰ ਤੇ ਨਗਰ ਨਿਗਮ ਕਮਿਸ਼ਨਰ ਡੇਚਲਵਾਲ ਨੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ ਸਮੇਂ ਸਿਰ ਆਪਣੇ ਟੈਕਸ ਅਦਾ ਕਰਨ ਅਤੇ ਛੋਟ ਦਾ ਲਾਭ ਉਠਾਉਣ |