ਲੁਧਿਆਣਾ, 27 ਸਤੰਬਰ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਪ੍ਰਸ਼ਾਸਨ ਵਲੋਂ ਸ਼ਹਿਰ ਵਿਚੋਂ ਕੂੜੇ ਦਾ ਉਚਿੱਤ ਪ੍ਰਬੰਧਨ ਕਰਨ ਦੇ ਵੱਡੇ ਵੱਡੇ ਦਾਅਵੇ ਤਾਂ ਜ਼ਰੂਰ ਕੀਤੇ ਜਾ ਰਹੇ ਹਨ, ਪਰ ਇਨ੍ਹਾਂ ਦਾਅਵਿਆਂ 'ਚ ਕਿੰਨੀ ਸੱਚਾਈ ਹੈ, ਇਹ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਪਏ ਕੂੜੇ ਨੰੂ ਅੱਗ ਲਗਾਏ ਜਾਣ ਦੇ ਮਾਮਲੇ ਸਾਹਮਣੇ ਆਉਣ ਤੋਂ ਮਿਲ ਰਹੀ ਹੈ | ਸ਼ਨੀਵਾਰ ਨੰੂ ਵੀ ਡੀ.ਸੀ. ਦਫ਼ਤਰ ਦੇ ਸਾਹਮਣੇ ਇਕ ਸਰਕਾਰੀ ਪਲਾਟ ਵਿਚ ਲੰਬੇ ਚਿਰ ਤੋਂ ਸੁੱਟੇ ਜਾ ਰਹੇ ਕੂੜੇ ਨੰੂ ਅੱਗ ਲੱਗਣ ਤੋਂ ਮਿਲਦੀ ਹੈ | ਉਕਤ ਕੂੜੇ ਨੰੂ ਅੱਗ ਲੱਗਣ ਕਾਰਨ ਉਕਤ ਇਲਾਕੇ 'ਚ ਧੂੰਆਂ ਫੈਲ ਗਿਆ | ਇੱਥੋਂ ਤੱਕ ਕਿ ਕੂੜੇ ਨੰੂ ਅੱਗ ਲੱਗੀ ਵੇਖ ਲੋਕਾਂ ਵਲੋਂ ਫਾਇਰ ਬਿ੍ਗੇਡ ਅਮਲੇ ਨੰੂ ਵੀ ਫ਼ੋਨ ਕੀਤੇ ਗਏ | ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਉਕਤ ਕੂੜੇ ਨੰੂ ਅੱਗ ਦੁਪਹਿਰ ਤੋਂ ਬਾਅਦ ਲੱਗੀ ਹੈ, ਪਰ ਇਹ ਸਾਫ਼ ਨਹੀਂ ਹੋ ਸਕਿਆ ਕਿ ਇਹ ਅੱਗ ਆਪ ਮੁਹਾਰੇ ਲੱਗੀ ਹੈ ਜਾਂ ਫਿਰ ਕਿਸੇ ਵਲੋਂ ਲਗਾਈ ਗਈ ਹੈ | ਉਕਤ ਪਲਾਟ ਵਿਚ ਲੰਬੇ ਚਿਰ ਤੋਂ ਨਿਗਮ ਦੇ ਕਰਮਚਾਰੀਆਂ ਵਲੋਂ ਕੂੜਾ ਸੁੱਟਿਆ ਜਾ ਰਿਹਾ ਸੀ ਤੇ ਕੂੜੇ ਨੰੂ ਡੰਪ ਵਿਚ ਤਬਦੀਲ ਕੀਤਾ ਹੋਇਆ ਸੀ, ਪਰ ਨਿਗਮ ਵਲੋਂ ਜੋ ਇਹ ਸਰਕਾਰੀ ਪਲਾਟ ਹੈ, ਇਸ ਵਿਚੋਂ ਕੂੜਾ ਚੁੱਕਣ ਵੱਲ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਗਿਆ | ਉਕਤ ਮਾਮਲੇ ਨੰੂ ਛੱਡ ਦਈਏ ਤਾਂ ਸ਼ਹਿਰ ਵਿਚ ਹੋਰਾਂ ਥਾਵਾਂ 'ਤੇ ਵੀ ਕੂੜੇ ਨੰੂ ਅੱਗ ਲੱਗੀ ਦੇਖੀ ਜਾ ਰਹੀ ਹੈ, ਜਿਸ ਤੋ ਸਾਫ਼ ਜ਼ਾਹਿਰ ਹੋ ਰਿਹਾ ਹੈ ਕਿ ਨਗਰ ਨਿਗਮ ਸ਼ਹਿਰ ਵਿਚੋਂ ਕੂੜੇ ਦਾ ਉਚਿੱਤ ਪ੍ਰਬੰਧਨ ਕਰਨ ਵਿਚ ਅਸਫਲ ਹੋ ਰਿਹਾ ਹੈ | ਸ਼ਹਿਰ ਵਿਚ ਦਿਨ-ਬ-ਦਿਨ ਵੱਧ ਰਹੀ ਕੂੜੇ ਦੀ ਸਮੱਸਿਆ ਨਿਗਮ ਦੇ ਗਲੇ ਦੀ ਹੱਡੀ ਬਣੀ ਹੋਈ ਹੈ | ਭਾਵੇਂ ਨਗਰ ਨਿਗਮ ਦੇ ਉਚ ਅਧਿਕਾਰੀਆਂ ਵਲੋ ਸਟੈਟਿਕ ਕੰਪੈਕਟਰਾਂ ਤੇ ਤਾਜਪੁਰ ਵਿਖੇ ਡੰਪ 'ਤੇ ਜਾ ਕੇ ਸ਼ਹਿਰ 'ਚੋਂ ਕੂੜੇ ਦੀ ਲਿਫਟਿੰਗ ਦਾ ਨਿਰੀਖਣ ਕੀਤਾ ਜਾਂਦਾ ਹੈ, ਪਰ ਹਕੀਕਤ ਵਿਚ ਕੂੜੇ ਦੀ ਸਮੱਸਿਆ ਸ਼ਹਿਰ ਵਿਚੋਂ ਹੱਲ ਹੋਣ ਦਾ ਨਾਂਅ ਨਹੀਂ ਲੈ ਰਹੀ ਹੈ | ਇਸ ਸੰਬੰਧੀ ਗੱਲਬਾਤ ਕਰਦੇ ਹੋਏ ਸਮਾਜਿਕ ਕਾਰਜਕਰਤਾ ਕਪਿਲ ਅਰੋੜਾ ਨੇ ਦੱਸਿਆ ਕਿ ਜਿਹੜਾ ਨਗਰ ਨਿਗਮ ਸਰਕਾਰੀ ਪਲਾਟਾਂ ਵਿਚ ਹੀ ਕੂੜੇ ਨੂੰ ਡਿੱਗਣ ਤੋਂ ਨਹੀਂ ਰੋਕ ਸਕਦਾ, ਉਹ ਸ਼ਹਿਰ ਦੇ ਹੋਰ ਖੇਤਰਾਂ ਵਿਚ ਕੂੜੇ ਦੇ ਡਿੱਗਣ ਨੰੂ ਕਿਵੇਂ ਰੋਕੇਗਾ |