ਲੁਧਿਆਣਾ, 27 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਕਮਿਸ਼ਨਰ ਦਫ਼ਤਰ ਨੇੜੇ ਵੀਰਵਾਰ ਰਾਤ ਨੂੰ ਬੈਂਕ ਮੈਨੇਜਰ 'ਤੇ ਗੋਲੀਆਂ ਚਲਾਉਣ ਦੇ ਮਾਮਲੇ 'ਚ 48 ਘੰਟੇ ਬਾਅਦ ਵੀ ਪੁਲਿਸ ਦੇ ਹੱਥ ਕੋਈ ਸੁਰਾਗ ਨਹੀਂ ਲੱਗਾ ਹੈ | ਜਦਕਿ ਇਸ ਤੋਂ ਪਹਿਲਾਂ ਪੁਲਿਸ ਅਧਿਕਾਰੀਆਂ ਵਲੋਂ ਇਸ ਮਾਮਲੇ ਨੂੰ ਜਲਦ ਹੱਲ ਕਰਨ ਦੇ ਦਾਅਵੇ ਕੀਤੇ ਜਾ ਰਹੇ ਸਨ, ਪਰ ਹਾਲ ਦੀ ਘੜੀ ਇਹ ਦਾਅਵੇ ਖੋਖਲੇ ਹੀ ਸਾਬਤ ਹੋਏ ਹਨ | ਪੁਲਿਸ ਕਮਿਸ਼ਨਰ ਦਫ਼ਤਰ ਦੇ ਨੇੜੇ ਹੋਈ ਇਸ ਵਾਰਦਾਤ ਕਾਰਨ ਇਲਾਕੇ ਵਿਚ ਡਰ ਤੇ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ, ਉਥੇ ਪੁਲਿਸ ਦੀ ਕਾਰਗੁਜ਼ਾਰੀ 'ਤੇ ਵੀ ਸਵਾਲੀਆ ਨਿਸ਼ਾਨ ਲੱਗ ਗਿਆ ਹੈ | ਜਾਣਕਾਰੀ ਅਨੁਸਾਰ 25 ਸਤੰਬਰ ਦੀ ਰਾਤ ਆਈ.ਸੀ.ਆਈ.ਸੀ. ਬੈਂਕ ਦੇ ਮੈਨੇਜਰ ਵਿਸ਼ਾਲ ਬਾਂਸਲ 'ਤੇ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਗੋਲੀਆਂ ਚਲਾ ਦਿੱਤੀਆਂ ਸਨ, ਜਿਸ ਕਾਰਨ ਉਹ ਜ਼ਖਮੀ ਹੋ ਗਏ ਸਨ | ਜਿਸ ਥਾਂ 'ਤੇ ਗੋਲੀਆਂ ਚਲਾਈਆਂ ਗਈਆਂ ਸਨ, ਉਹ ਥਾਂ ਸੀ.ਆਈ.ਏ. ਸਟਾਫ਼ ਅਤੇ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਿਲਕੁਲ ਨੇੜੇ ਹੈ, ਜਿੱਥੇ ਕਿਹਰ ਵੇਲੇ ਪੁਲਿਸ ਫੋਰਸ ਤਾਇਨਾਤ ਰਹਿੰਦੀ ਹੈ, ਪਰ ਫਿਰ ਵੀ ਇਹ ਹਮਲਾਵਰ ਵਾਰਦਾਤ ਕਰਨ ਉਪਰੰਤ ਫ਼ਰਾਰ ਹੋ ਗਏ | ਪੁਲਿਸ ਵਲੋਂ ਭਾਵੇਂ ਇਸ ਮਾਮਲੇ ਵਿਚ ਬੈਂਕ ਮੈਨੇਜਰ ਵਿਸ਼ਾਲ ਬਾਂਸਲ ਦੀ ਸ਼ਿਕਾਇਤ 'ਤੇ ਕੇਸ ਦਰਜ ਕਰ ਲਿਆ ਹੈ, ਪਰ ਇਸ ਮਾਮਲੇ ਵਿਚ ਹਾਲ ਦੀ ਘੜੀ ਪੁਲਿਸ ਨੂੰ ਕੋਈ ਸੁਰਾਗ ਨਹੀਂ ਲੱਗਾ ਹੈ | ਵਿਸ਼ਾਲ ਬਾਂਸਲ ਬੈਂਕ ਤੋਂ ਛੁੱਟੀ ਕਰਕੇ ਘਰ ਵਾਪਸ ਜਾ ਰਿਹਾ ਸੀ ਕਿ ਬੈਂਕ ਦੇ ਬਾਹਰ ਹੀ ਉਸ ਨੂੰ ਦੋ ਮੋਟਰਸਾਈਕਲ ਸਵਾਰਾਂ ਨੇ ਗੋਲੀ ਮਾਰ ਦਿੱਤੀ | ਹਾਲ ਦੀ ਘੜੀ ਉਸਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾਂਦੀ ਹੈ |