ਲੁਧਿਆਣਾ, 27 ਸਤੰਬਰ (ਭੁਪਿੰਦਰ ਸਿੰਘ ਬੈਂਸ)-ਸਿੱਖ ਮਿਸ਼ਨਰੀ ਪਬਲਿਕ ਹਾਈ ਸਕੂਲ, ਸਲੇਮ ਟਾਬਰੀ, ਵਿਖੇ ਸਾਇੰਸ ਤੇ ਮੈਥ ਵਿਸ਼ੇ 'ਤੇ ਸੈਮੀਨਾਰ ਕਰਵਾਇਆ | ਸੈਮੀਨਾਰ ਵਿਚ ਪ੍ਰਸਿੱਧ ਅਧਿਆਪਕ ਡਾ. ਜਸਵਿੰਦਰ ਸਿੰਘ ਪਟਿਆਲਾ ਤੋਂ ਵਿਸ਼ੇਸ਼ ਤੌਰ 'ਤੇ ਪਹੁੰਚੇ | ਸਕੂਲ ਦੇ ਡਾਇਰੈਕਟਰ ਡਾ. ਰਣਜੀਤ ਸਿੰਘ, ਸਕੱਤਰ ਜਗਜੀਤ ਸਿੰਘ ਤੇ ਪਿ੍ੰ. ਪ੍ਰਦੀਪ ਕੌਰ ਨੇ ਬੁੱਕੇ ਦੇ ਕੇ ਉਨ੍ਹਾਂ ਦਾ ਸਵਾਗਤ ਕੀਤਾ | ਡਾ. ਜਸਵਿੰਦਰ ਸਿੰਘ ਨੇ ਬੱਚਿਆਂ ਦੇ ਮਨਾਂ 'ਚੋਂ ਮੈਥ ਤੇ ਸਾਇੰਸ ਦਾ ਡਰ ਦੂਰ ਕੀਤਾ ਅਤੇ ਇਸ ਨੂੰ ਬਹੁਤ ਸਰਲ ਤਰੀਕੇ ਨਾਲ ਜੀਵਨ ਵਿਚ ਅਪਣਾਉਣ 'ਤੇ ਜ਼ੋਰ ਦਿੱਤਾ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਇਸ ਵਿਸ਼ੇ ਦੇ ਰਾਹੀਂ ਕਰਮਕਾਂਡਾਂ ਵਿਚੋਂ ਕੱਢ ਕੇ ਇਕ ਪ੍ਰਮਾਤਮਾ ਨਾਲ ਜੋੜਨ ਦਾ ਯਤਨ ਕੀਤਾ | ਉਨ੍ਹਾਂ ਨੇ ਪੰਜ ਤੱਤਾਂ ਤੋਂ ਬਣੀ ਹੋਈ ਕੁਦਰਤ ਦੇ ਭੇਦਾਂ ਨੂੰ ਬੱਚਿਆਂ ਦੇ ਸਾਹਮਣੇ ਸਰਲ ਭਾਸ਼ਾ ਵਿਚ ਉਜਾਗਰ ਕੀਤਾ | ਡਾ. ਜਸਵਿੰਦਰ ਸਿੰਘ ਦੇ ਸਨਮਾਨ 'ਚ ਇਕ ਸਨਮਾਨ ਪੱਤਰ ਜਗਜੀਤ ਸਿੰਘ ਨੇ ਪੜਿ੍ਹਆ ਤੇ ਉਨ੍ਹਾਂ ਨੂੰ ਭੇਟ ਕੀਤਾ | ਅੰਤ 'ਚ ਡਾ. ਜਸਵਿੰਦਰ ਸਿੰਘ ਨੂੰ ਰੋਟਰੀ ਕਲੱਬ ਆਫ ਲੁਧਿਆਣਾ ਸਿਟੀ ਵਲੋਂ ਨੇਸ਼ਨ ਬਿਲਡਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ |