ਲੁਧਿਆਣਾ, 27 ਸਤੰਬਰ (ਜਸਵਿੰਦਰ ਸਿੰਘ)-ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਕਾਲਜ ਆਫ਼ ਹੋਰਟੀਕਲਚਰ ਦੇ ਵਿਦਿਆਰਥੀਆਂ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਲਲਤੋ ਕਲਾਂ 'ਚ ਇਕ ਵਿਸ਼ੇਸ਼ ਕੈਰੀਅਰ ਕਾਉਂਸਲਿੰਗ ਲੈਕਚਰ ਦਾ ਪ੍ਰਬੰਧ ਕੀਤਾ | ਪ੍ਰੋਗਰਾਮ ਦਾ ਉਦੇਸ਼ ਸਕੂਲ ਪੱਧਰ ਦੇ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਦੇ ਕੋਰਸਾਂ ਅਤੇ ਵੱਖ-ਵੱਖ ਖੇਤਰਾਂ ਵਿਚ ਉਪਲਬਧ ਨੌਕਰੀਆਂ ਦੇ ਮੌਕਿਆਂ ਬਾਰੇ ਜਾਣੂ ਕਰਵਾਉਣਾ ਸੀ, ਤਾਂ ਜੋ ਉਹ ਆਪਣੀਆਂ ਰੁਚੀਆਂ ਅਤੇ ਯੋਗਤਾਵਾਂ ਅਨੁਸਾਰ ਸਹੀ ਦਿਸ਼ਾ ਚੁਣ ਸਕਣ | ਲੈਕਚਰ ਦੌਰਾਨ ਕਾਲਜ ਦੇ ਵਿਦਿਆਰਥੀਆਂ ਨੇ ਖੇਤੀਬਾੜੀ ਦੇ ਵੱਖ-ਵੱਖ ਵਿਭਾਗਾਂ ਜਿਵੇਂ ਕਿ ਹੋਰਟੀਕਲਚਰ, ਫਲਸਾਜ਼ੀ, ਸਬਜ਼ੀ ਉਤਪਾਦਨ, ਬੀਜ ਉਤਪਾਦਨ, ਫਾਰਮ ਮੈਨੇਜਮੈਂਟ, ਦਵਾਈਆਂ ਵਾਲੇ ਤੇ ਸੁਗੰਧਿਤ ਪੌਦਿਆਂ ਦੀ ਖੇਤੀ ਤੇ ਆਰਗੈਨਿਕ ਫਾਰਮਿੰਗ ਨਾਲ ਸੰਬੰਧਿਤ ਸਕੋਪ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਇਸ ਦੇ ਨਾਲ ਹੀ ਸਰਕਾਰੀ ਨੌਕਰੀਆਂ, ਪ੍ਰਾਈਵੇਟ ਸੈਕਟਰ, ਐਗ੍ਰੀ-ਬਿਜ਼ਨਸ ਅਤੇ ਖੁਦ ਦਾ ਕਾਰੋਬਾਰ ਸ਼ੁਰੂ ਕਰਨ ਦੇ ਮੌਕਿਆਂ 'ਤੇ ਵੀ ਚਰਚਾ ਕੀਤੀ ਗਈ | ਵਿਦਿਆਰਥੀਆਂ ਨੂੰ ਇਹ ਵੀ ਦੱਸਿਆ ਗਿਆ ਕਿ ਉੱਚ ਪੜ੍ਹਾਈ ਵਿਚ ਦਾਖਲੇ ਦੀ ਪ੍ਰਕਿਰਿਆ ਕਿਵੇਂ ਹੁੰਦੀ ਹੈ ਤੇ ਕਿਹੜੀਆਂ ਸਕਾਲਰਸ਼ਿਪਾਂ ਉਨ੍ਹਾਂ ਲਈ ਉਪਲਬਧ ਹਨ | ਸਕੂਲ ਦੇ ਵਿਦਿਆਰਥੀਆਂ ਨੇ ਵੀ ਖੁੱਲ੍ਹ ਕੇ ਆਪਣੇ ਪ੍ਰਸ਼ਨ ਪੁੱਛੇ ਅਤੇ ਆਪਣੀਆਂ ਸ਼ੰਕਾਵਾਂ ਦਾ ਨਿਵਾਰਨ ਕੀਤਾ | ਸਕੂਲ ਦੇ ਅਧਿਆਪਕਾਂ ਨੇ ਯੂਨੀਵਰਸਿਟੀ ਵਿਦਿਆਰਥੀਆਂ ਦੇ ਇਸ ਯਤਨ ਦੀ ਭਰਪੂਰ ਸਰਾਹਨਾ ਕੀਤੀ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਪਿੰਡ ਪੱਧਰ ਦੇ ਵਿਦਿਆਰਥੀਆਂ ਲਈ ਬਹੁਤ ਲਾਭਕਾਰੀ ਹੁੰਦੇ ਹਨ, ਕਿਉਂਕਿ ਇਹ ਉਨ੍ਹਾਂ ਨੂੰ ਨਵੀਆਂ ਜਾਣਕਾਰੀਆਂ ਪ੍ਰਦਾਨ ਕਰਦੇ ਹਨ ਅਤੇ ਉੱਚ ਪੱਧਰੀ ਸਿੱਖਿਆ ਵੱਲ ਪ੍ਰੇਰਿਤ ਕਰਦੇ ਹਨ | ਇਸ ਪ੍ਰੋਗਰਾਮ ਦੀ ਅਗਵਾਈ ਯੂਨੀਵਰਸਿਟੀ ਦੇ ਵਿਦਿਆਰਥੀ ਗਰੁੱਪ ਦੇ ਆਗੂ ਗਗਨਦੀਪ ਸਿੰਘ ਵਲੋਂ ਕੀਤੀ ਗਈ | ਉਨ੍ਹਾਂ ਨੇ ਆਪਣੇ ਟੀਮ ਮੈਂਬਰਾਂ ਨਾਲ ਮਿਲ ਕੇ ਪੂਰੇ ਲੈਕਚਰ ਨੂੰ ਸੁਚਾਰੂ ਢੰਗ ਨਾਲ ਕਰਵਾਇਆ |