ਨਵਾਂਸ਼ਹਿਰ, 27 ਸਤੰਬਰ (ਜਸਬੀਰ ਸਿੰਘ ਨੂਰਪੁਰ)-ਪੰਜਾਬ ਵਿਧਾਨ ਸਭਾ ਵਿਚ ਸਪੈਸ਼ਲ ਸੈਸ਼ਨ ਪੰਜਾਬ ਪੁਨਰਵਾਸ ਦੌਰਾਨ ਬੋਲਦਿਆਂ ਵਿਧਾਇਕ ਨਛੱਤਰ ਪਾਲ ਨੇ ਹਲਕਾ ਨਵਾਂਸ਼ਹਿਰ ਤੇ ਪੰਜਾਬ ਦੇ ਮੁੱਖ ਮੁੱਦੇਆਂ 'ਤੇ ਬੋਲਦਿਆ ਕਿਹਾ ਕਿ ਇਸ ਪਵਿੱਤਰ ਸਦਨ ਵਿਚ ਬੋਲਣ ਦਾ ਜੋ ਮੌਕਾ ਦਿੱਤਾ ਸਾਡੇ ਸਤਿਕਾਰਯੋਗ ਕੈਬਿਨਟ ਮੰਤਰੀ ਵਰਿੰਦਰ ਗੋਇਲ ਜਿਹੜਾ ਮਤਾ ਲੈ ਕੇ ਆਏ ਨੇ ਮੈਂ ਉਸ ਦੀ ਤੌਹੀਦ ਕਰਦਾ ਹਾਂ ਕਿ ਪੰਜਾਬ 'ਤੇ ਹੜ੍ਹਾਂ ਦੀ ਮਾਰ ਪਈ ਹੈ, ਜਿਸ ਨਾਲ ਕਰੀਬ 5 ਲੱਖ ਏਕੜ ਫ਼ਸਲਾਂ, ਹਜ਼ਾਰਾਂ ਘਰ, ਬੇਵਕਤੀ ਮੌਤਾਂ, ਪਸ਼ੂ ਧਨ, ਘਰੇਲੂ ਸਾਮਾਨ, ਕੱਪੜੇ-ਲੀੜੇ, ਕਾਗ਼ਜ਼-ਪੱਤਰ, ਗਹਿਣਾ-ਗੱਟਾ ਸਾਰਾ ਤਬਾਹ ਹੋ ਗਿਆ | ਉਨ੍ਹਾਂ ਕਿਹਾ ਕਿ ਮੇਰੇ ਹਲਕੇ ਨਵਾਂਸ਼ਹਿਰ ਵਿਚ ਲਗਪਗ 40 ਕਿੱਲੋਮੀਟਰ ਸਤਲੁਜ ਦਰਿਆ ਲੰਘਦਾ ਹੈ ਤੇ ਹਰੇਕ ਸਾਲ ਨੁਕਸਾਨ ਕਰਦਾ ਹੈ | ਇਸ ਵਾਰ ਵੀ ਧੈਂਗੜਪੁਰ, ਤਾਜੋਵਾਲ ਬੰਨ੍ਹ, ਤਲਵੰਡੀ ਸੀਬੂ, ਬੁਰਜ ਟਹਿਲ ਦਾਸ ਵਿਚ ਉਸ ਨੇ ਜ਼ਮੀਨਾਂ, ਫ਼ਸਲਾਂ, ਦਰੱਖਤਾਂ ਦਾ ਬਹੁਤ ਵੱਡਾ ਨੁਕਸਾਨ ਕੀਤਾ ਤੇ ਬੁਰਜ ਟਹਿਲ ਦਾਸ ਦਾ ਬੰਨ੍ਹ ਆਖ਼ਰ ਟੁੱਟ ਗਿਆ, ਪਰ ਪਾਣੀ ਨੀਵਾਂ ਹੋਣ ਕਾਰਨ ਉਹ ਬਾਹਰ ਨਹੀਂ ਆ ਸਕਿਆ | ਸਾਡੇ ਜ਼ਿਲੇ੍ਹ ਦੇ ਪ੍ਰਸ਼ਾਸਨ, ਸਿਵਲ, ਪੁਲਿਸ, ਈਵਨ ਜੁਡੀਸ਼ਰੀ ਦੇ ਸਾਥੀ ਵੀ ਉਸ ਸੇਵਾ ਦੇ ਵਿਚ ਸਾਡੇ ਨਵਾਂਸ਼ਹਿਰ ਹਾਜ਼ਰ ਹੋਈਆਂ ਸੰਗਤਾਂ, ਸਮਾਜ ਸੇਵਕ, ਧਾਰਮਿਕ, ਰਾਜਨੀਤਿਕ, ਸਾਰੀਆਂ ਪਾਰਟੀਆਂ ਦੇ ਆਗੂ, ਸਾਡੇ ਐਨ. ਆਰ. ਆਈ. ਵੀਰ, ਸੰਤ ਮਹਾਂਪੁਰਸ਼ਾਂ ਦੇ ਸਹਿਯੋਗ ਦੇ ਨਾਲ ਦਰਿਆ ਦੇ ਬੰਨ੍ਹ ਬੰਨੇ ਗਏ | ਵਰਲਡ ਵਾਈਡ ਬੀ. ਐਸ. ਪੀ. ਸਪੋਰਟਰ ਦੇ ਸਾਥੀ ਸਾਡੇ ਖ਼ਾਲਸਾ ਏਡ ਦੇ ਸਾਥੀ, ਬੇਗਮਪੁਰਾ ਦੇ ਸਾਥੀਆਂ ਨੇ ਆਪਣੇ ਯਤਨਾਂ ਰਾਹੀਂ ਉੱਥੇ ਸਹਿਯੋਗ ਕੀਤਾ | ਜਿਥੇ ਕਿਸਾਨਾਂ ਦਾ ਨੁਕਸਾਨ ਹੋਇਆ ਉਥੇ ਦੁਕਾਨਦਾਰ, ਵਪਾਰੀ, ਆੜ੍ਹਤੀਆਂ, ਮਜ਼ਦੂਰ ਜਿਹੜੇ ਵੀ ਇਸ 'ਤੇ ਨਿਰਭਰ ਸੀ, ਉਨ੍ਹਾਂ ਦਾ ਵੀ ਨੁਕਸਾਨ ਹੋਇਆ | ਜਿਹੜੇ ਮਜ਼ਦੂਰਾਂ ਦੀ ਰੋਜ਼ੀ-ਰੋਟੀ ਇਸ ਦੇ ਨਾਲ ਜੁੜੀ ਸੀ, ਜਿਹੜੇ ਆਪਣਾ ਪਰਿਵਾਰ ਮਿਹਨਤ ਕਰਕੇ ਪਾਲਦੇ ਸੀ, ਜਿਨ੍ਹਾਂ ਦੇ ਘਰ ਟੁੱਟ ਗਏ | ਉਨ੍ਹਾਂ ਕਿਹਾ ਕਿ ਜਿਹੜਾ ਰਾਹਤ ਦਾ ਪੈਕੇਜ ਦੇਣਾ ਚਾਹੀਦਾ ਪ੍ਰਤੀ ਏਕੜ 50 ਹਜ਼ਾਰ ਮੁਆਵਜ਼ਾ, ਡਿੱਗੇ ਘਰਾਂ ਨੂੰ ਬਣਾ ਕੇ ਦੇਣਾ, ਫ਼ਸਲਾਂ ਦਾ ਬੀਮਾ ਦਾ ਪ੍ਰੀਮੀਅਮ ਪੰਜਾਬ ਸਰਕਾਰ ਸਬਸਿਡੀ ਰਾਹੀਂ ਦੇਵੇ ਤੇ ਬੱਚਿਆਂ ਦੀਆਂ ਫ਼ੀਸਾਂ ਦਾ ਵੀ ਸਾਨੂੰ ਪ੍ਰਬੰਧ ਕਰਨਾ ਚਾਹੀਦਾ | ਮੁੱਖ ਮੰਤਰੀ ਨੇ ਇਹ ਐਲਾਨ ਕੀਤਾ ਸੀ ਕਿ ਸਮੁੱਚਾ ਸਦਨ ਆਪਣੀ ਸੈਲਰੀ ਦੇਵੇ ਜਿਸ ਤਰ੍ਹਾਂ ਉਸ ਨੂੰ ਮੰਨ ਕੇ ਸਮੁੱਚੇ ਸਦਨ ਦੇ ਸਾਰੇ ਆਗੂਆਂ ਨੇ ਸਾਰੇ ਮੈਂਬਰਾਂ ਨੇ ਜਿਹੜਾ ਉਸ ਨੂੰ ਮੰਨਿਆ | ਇਸੇ ਤਰ੍ਹਾਂ ਸਾਨੂੰ ਪੰਜਾਬ ਦੇ ਭਲੇ ਲਈ ਮਿਸ਼ਨ ਚੜ੍ਹਦੀ ਕਲਾ ਤੇ ਮਿਸ਼ਨ ਰੰਗਲਾ ਪੰਜਾਬ ਵਿਚ ਵੀ ਯੋਗਦਾਨ ਪਾਉਣਾ ਚਾਹੀਦਾ | ਇਸ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਨੇ ਵਿਧਾਇਕ ਨਛੱਤਰ ਪਾਲ ਨਾਲ ਵਿਸ਼ੇਸ਼ ਮੁਲਾਕਾਤ ਕਰਕੇ ਸ਼ਲਾਘਾ ਕੀਤੀ |