ਬੰਗਾ, 27 ਸਤੰਬਰ (ਧਰਮਵੀਰ ਪਾਲ)-ਕਾਲਜ ਦੇ ਕਾਮਰਸ ਵਿਭਾਗ ਵਲੋਂ ਪੰਜਾਬ ਸਰਕਾਰ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਵੀਂ ਸਿੱਖਿਆ ਨੀਤੀ ਦੇ ਅਧੀਨ 'ਉੱਦਮੀ ਮਾਨਸਿਕਤਾ ਪਾਠਕ੍ਰਮ' ਵਿਸ਼ੇ 'ਤੇ ਵਿਦਿਆਰਥੀਆਂ ਦੀ ਰਹਿਨੁਮਾਈ ਕਰਨ ਲਈ ਇਕ ਸੈਮੀਨਾਰ ਕਰਵਾਇਆ | ਸੈਮੀਨਾਰ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿਚ ਨਵੀਨ ਸੋਚ, ਖੁਦਮੁਖਤਿਆਰੀ ਤੇ ਉੱਦਮੀ ਕਾਬਲੀਅਤ ਨੂੰ ਵਿਕਸਿਤ ਕਰਨਾ ਹੈ ਤਾਂ ਜੋ ਉਹ ਆਧੁਨਿਕ ਆਰਥਿਕਤਾ ਤੇ ਰੋਜ਼ਗਾਰ ਦੇ ਬਦਲਦੇ ਪੈਮਾਨਿਆਂ ਨੂੰ ਸਮਝ ਸਕਣ ਤੇ ਉਨ੍ਹਾਂ 'ਤੇ ਖਰਾ ਉਤਰ ਸਕਣ | ਇਸ ਮੌਕੇ ਵਿਭਾਗ ਮੁਖੀ ਡਾ. ਕਮਲਦੀਪ ਕੌਰ ਨੇ ਵਿਦਿਆਰਥੀਆਂ ਨੂੰ ਵਿਸਥਾਰ ਨਾਲ ਸਮਝਾਇਆ ਕਿ ਕਿਵੇਂ ਅਧਿਕਾਰਕ ਪੋਰਟਲ 'ਤੇ ਰਜਿਸਟ੍ਰੇਸ਼ਨ ਕਰਨਾ ਹੈ, ਕਿਹੜੇ ਮੀਲ ਪੱਥਰ ਪੂਰੇ ਕਰਨੇ ਲਾਜ਼ਮੀ ਹਨ, ਤਾਂ ਜੋ ਕ੍ਰੈਡਿਟ ਸਕੋਰ ਹਾਸਲ ਹੋ ਸਕਣ ਅਤੇ ਇਸ ਪ੍ਰਕਿਰਿਆ ਵਿਚ ਵਿਦਿਆਰਥੀ ਆਪਣੀ ਉਨਤੀ ਨੂੰ ਕਿਵੇਂ ਟਰੈਕ ਕਰ ਸਕਦੇ ਹਨ | ਇਸ ਤੋਂ ਇਲਾਵਾ, ਉਨ੍ਹਾਂ ਨੇ ਆਮਦਨ ਪੈਦਾ ਕਰਨ ਲਈ ਵੱਖ-ਵੱਖ ਟ੍ਰੈਕਸ ਬਾਰੇ ਵੀ ਜਾਣਕਾਰੀ ਦਿੱਤੀ | ਜਿਸ ਰਾਹੀਂ ਵਿਦਿਆਰਥੀ ਸੈਸ਼ਨ ਦੌਰਾਨ ਇਹ ਵੀ ਉਜਾਗਰ ਕੀਤਾ ਗਿਆ ਕਿ ਨਵੀਂ ਸਿੱਖਿਆ ਨੀਤੀ ਦੇ ਅਧੀਨ ਉੱਦਮੀ ਮਾਨਸਿਕਤਾ ਸਿਰਫ਼ ਸਿੱਖਿਆ ਦਾ ਹਿੱਸਾ ਨਹੀਂ, ਸਗੋਂ ਇਕ ਅਜਿਹਾ ਮਾਡਲ ਹੈ ਜੋ ਵਿਦਿਆਰਥੀਆਂ ਨੂੰ ਅਸਲ ਜ਼ਿੰਦਗੀ ਦੇ ਤਜਰਬਿਆਂ, ਵਿੱਤੀ ਪ੍ਰਬੰਧਨ ਤੇ ਨਵੀਂ ਸੋਚ ਦੇ ਕਾਰੋਬਾਰੀ ਮਾਡਲ ਬਣਾਉਣ ਵੱਲ੍ਹ ਪ੍ਰੇਰਿਤ ਕਰਦਾ ਹੈ | ਇਸ ਨਾਲ ਨਾ ਸਿਰਫ਼ ਵਿਦਿਆਰਥੀ ਆਪਣੇ ਆਪ ਲਈ ਮੌਕੇ ਤਿਆਰ ਕਰ ਸਕਣਗੇ, ਸਗੋਂ ਸਮਾਜ ਦੇ ਕੁੱਲ ਵਿਕਾਸ ਵਿਚ ਵੀ ਯੋਗਦਾਨ ਪਾ ਸਕਣਗੇ | ਪਿ੍ੰ: ਡਾ. ਤਰਸੇਮ ਸਿੰਘ ਭਿੰਡਰ ਨੇ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਉੱਦਮੀ ਮਾਨਸਿਕਤਾ ਪਾਠਕ੍ਰਮ ਸਾਡੇ ਵਿਦਿਆਰਥੀਆਂ ਲਈ ਇਕ ਸੁਨਹਿਰਾ ਮੌਕਾ ਹੈ | ਇਹ ਪ੍ਰੋਗਰਾਮ ਉਨ੍ਹਾਂ ਨੂੰ ਰਚਨਾਤਮਿਕ ਸੋਚਣ, ਜੋਖਮ ਉਠਾਉਣ ਤੇ ਆਪਣੇ ਵਿਚਾਰਾਂ ਨੂੰ ਕਾਰਗਰ ਪ੍ਰਾਜੈਕਟਾਂ 'ਚ ਤਬਦੀਲ ਕਰਨ ਦੀ ਸਮਰੱਥਾ ਦੇਵੇਗਾ | ਕਾਲਜ ਪ੍ਰਬੰਧਨ ਨੇ ਦੁਹਰਾਇਆ ਕਿ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਰਾਹੀਂ ਉਹ ਵਿਦਿਆਰਥੀਆਂ ਨੂੰ ਸਿਰਫ਼ ਅਕਾਦਮਿਕ ਹੀ ਨਹੀਂ, ਸਗੋਂ ਜੀਵਨ-ਉਪਯੋਗੀ ਹੁਨਰਾਂ ਨਾਲ ਵੀ ਸਪੰਨ ਕਰਨ ਲਈ ਵਚਨਬੱਧ ਹੈ | ਇਸ ਮੌਕੇ ਕਾਮਰਸ ਵਿਭਾਗ ਦੇ ਡਾ. ਦਵਿੰਦਰ ਕੌਰ, ਪ੍ਰੋ. ਰਮਨਦੀਪ ਕੌਰ, ਪ੍ਰੋ. ਮਨਰਾਜ ਕੌਰ, ਪ੍ਰੋ. ਹਰਦੀਪ ਕੌਰ, ਪ੍ਰੋ. ਪਿ੍ਆ ਲੱਧੜ, ਪ੍ਰੋ. ਅਵਨੀਤ ਕੌਰ, ਪ੍ਰੋ. ਦੀਪਿਕਾ, ਪ੍ਰੋ. ਗੁਰਿੰਦਰ ਕੌਰ, ਪ੍ਰੋ. ਮਨੀਸ਼ਾ ਤੇ ਪ੍ਰੋ. ਦਲਜੀਤ ਕਟਾਰੀਆ ਕੰਪਿਊਟਰ ਵਿਭਾਗ ਆਦਿ ਹਾਜ਼ਰ ਸਨ |