ਲੁਧਿਆਣਾ, 27 ਸਤੰਬਰ (ਡਾ. ਤਰਲੋਚਨ ਸਿੰਘ)-ਐਸ.ਪੀ.ਐਸ. ਹਸਪਤਾਲ, ਸ਼ੇਰਪੁਰ ਚੌਕ ਦੇ ਸੀਨੀਅਰ ਆਰਥੋਪੈਡਿਕ ਸਰਜਨ ਡਾ. ਰਣਜੀਤ ਸਿੰਘ ਵਲੋਂ ਦੁੱਗਰੀ, ਲੁਧਿਆਣਾ ਨਿਵਾਸੀ ਜਸਵਿੰਦਰ ਕੌਰ (60), ਜਿਸ ਦਾ ਵਜ਼ਨ ਲਗਭਗ 100 ਕਿੱਲੋ ਹੈ ਅਤੇ ਉਹ ਪਿਛਲੇ ਲੰਬੇ ਸਮੇਂ ਤੋਂ ਗੋਡਿਆਂ ਦੇ ਦਰਦ ਤੋਂ ਭਾਰੀ ਪਰੇਸ਼ਾਨ ਸੀ, ਜਿਸ ਕਾਰਨ ਉਹ ਪੂਰੀ ਤਰ੍ਹਾਂ ਚੱਲਣ ਫਿਰਨ ਤੋਂ ਵੀ ਅਸਮਰਥ ਸੀ | ਡਾ. ਰਣਜੀਤ ਨੇ ਦੱਸਿਆ ਕਿ ਜਦੋਂ ਉਕਤ ਮਹਿਲਾ ਦੇ ਪਰਿਵਾਰਕ ਮੈਂਬਰ ਉਸ ਨੂੰ ਐਸ.ਪੀ.ਐਸ. ਹਸਪਤਾਲ ਵਿਖੇ ਗੋਡਿਆਂ ਦੀ ਜਾਂਚ ਕਰਵਾਉਣ ਲਈ ਲੈ ਕੇ ਆਏ ਤਾਂ ਉਸ ਦੀ ਜਾਂਚ ਕਰਨ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਗਿਆ ਕਿ ਇਹਨਾਂ ਦੇ ਗੋਡਿਆਂ ਦਾ ਇਲਾਜ ਜ਼ੀਰੋ ਤਕਨੀਕ ਰਾਹੀਂ ਹੀ ਸੰਭਵ ਹੈ | ਪਰਿਵਾਰਕ ਮੈਂਬਰਾਂ ਦੀ ਸਹਿਮਤੀ ਉਪਰੰਤ ਉਸ ਮਹਿਲਾ ਦੀ ਜ਼ੀਰੋ ਤਕਨੀਕ ਰਾਹੀਂ ਮਹਿਜ਼ ਸਿਰਫ਼ 20 ਮਿੰਟ ਦੀ ਸਫਲਤਾ ਪੂਰਵਕ ਸਰਜਰੀ ਕਰਕੇ ਦੋਵੇਂ ਗੋਡੇ ਬਦਲ ਦਿੱਤੇ ਗਏ | ਹੁਣ ਉਹ ਮਹਿਲਾ ਆਮ ਵਾਂਗ ਤੁਰ ਫਿਰ ਸਕਦੀ ਹੈ ਅਤੇ ਆਮ ਵਾਂਗ ਕੰਮਕਾਰ ਕਰ ਸਕਦੀ ਹੈ | ਸਰਜਰੀ ਕਰਵਾਉਣ ਦੇ ਇਕ ਮਹੀਨੇ ਤੋਂ ਬਾਅਦ ਹੀ ਉਹ ਆਮ ਵਾਂਗ ਪੌੜੀਆਂ ਚੜ ਸਕਦੀ ਹੈ ਅਤੇ ਚੌਂਕੜੀ ਮਾਰ ਕੇ ਬੈਠ ਵੀ ਸਕਦੀ ਹੈ | ਜ਼ੀਰੋ ਤਕਨੀਕ ਸਬੰਧੀ ਜਾਣਕਾਰੀ ਦਿੰਦਿਆਂ ਡਾ. ਰਣਜੀਤ ਨੇ ਦੱਸਿਆ ਕਿ ਆਧੁਨਿਕ ਆਰਟੀਫਿਸ਼ੀਅਲ ਇੰਟੈਲੀਜੈਂਸ ਨਾਲ ਲੈਸ ਜ਼ੀਰੋ ਤਕਨੀਕ ਨਾਲ ਉਹ ਹੁਣ ਤੱਕ ਅਨੇਕਾਂ ਹੀ ਸਫਲਤਾ ਪੂਰਵਕ ਸਰਜਰੀਆਂ ਕਰਕੇ ਰੋਬੋਟਿਕ ਸਰਜਰੀ ਨੂੰ ਪਿੱਛੇ ਛੱਡ ਚੁੱਕੇ ਹਨ |