ਲੁਧਿਆਣਾ, 27 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਅੱਜ ਇੱਥੇ ਇਤਿਹਾਸਿਕ ਜਾਮਾ ਮਸਜਿਦ ਵਿਚ ਸੂਬੇ ਦੇ ਮੁਸਲਿਮ ਭਾਈਚਾਰੇ ਵਲੋਂ ਰੱਖੇ ਗਏ ਇਕ ਸਮਾਗਮ ਵਿਚ ਅਹਿਰਾਰ ਫਾਊਾਡੇਸ਼ਨ ਦੇ ਪ੍ਰਧਾਨ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਇਕ ਵਾਰ ਫਿਰ ਹੜ੍ਹ ਪੀੜਤ ਪਰਿਵਾਰਾਂ ਨੂੰ 50 ਲੱਖ ਰੁਪਏ ਦੀ ਵਿੱਤੀ ਸਹਾਇਤਾ ਚੈੱਕਾਂ ਰਾਹੀਂ ਭੇਟ ਕੀਤੀ | ਜ਼ਿਕਰਯੋਗ ਹੈ ਕਿ ਬੀਤੀ ਦਿਨੀਂ ਅਹਿਰਾਰ ਫਾਊਾਡੇਸ਼ਨ ਨੇ 50 ਲੱਖ ਰੁਪਏ ਅਤੇ ਫਿਰ 30 ਲੱਖ ਰੁਪਏ ਦੀ ਵਿੱਤੀ ਸਹਾਇਤਾ ਹੜ੍ਹ ਪੀੜਤਾਂ ਨੂੰ ਭੇਟ ਕੀਤੀ ਸੀ ਅਤੇ ਵੱਖ-ਵੱਖ ਥਾਵਾਂ 'ਤੇ ਮੈਡੀਕਲ ਕੈਂਪ ਲਗਾ ਕੇ ਦਵਾਈਆਂ ਅਤੇ ਐਂਬੂਲੈਂਸ ਦੇ ਉੱਪਰ ਵੀ 50 ਲੱਖ ਰੁਪਏ ਦੀ ਰਕਮ ਖਰਚ ਕੀਤੀ ਗਈ ਸੀ | ਇਸ ਮੌਕੇ ਸੰਬੋਧਨ ਕਰਦੇ ਹੋਏ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਪੰਜਾਬ ਦੇ ਵਿਚ ਹੜ੍ਹਾਂ ਤੋਂ ਮੁਤਾਸਰ ਹੋਏ ਆਪਣੇ ਭੈਣ ਭਰਾਵਾਂ ਦਾ ਸਾਥ ਦੇਣਾ ਸਾਡਾ ਧਰਮ ਸਾਨੂੰ ਇਹੀ ਸਿਖਾਉਂਦਾ ਹੈ | ਉਨ੍ਹਾਂ ਨੇ ਕਿਹਾ ਕਿ ਇਹ ਸਿਰਫ਼ ਸਾਥ ਨਹੀਂ ਬਲਕਿ ਮੁਹੱਬਤ ਦਾ ਸੁਨੇਹਾ ਹੈ ਕਿ ਪੰਜਾਬ ਦੀ ਧਰਤੀ ਤੋਂ ਹਮੇਸ਼ਾ ਹੀ ਸਰਬ ਧਰਮ ਦੇ ਲੋਕਾਂ ਨੇ ਹਰ ਦੁੱਖ ਸੁੱਖ ਵਿਚ ਇਕ ਦੂਜੇ ਦਾ ਸਾਥ ਨਿਭਾਇਆ | ਸ਼ਾਹੀ ਇਮਾਮ ਨੇ ਕਿਹਾ ਕਿ ਪੰਜਾਬ ਵਿਚ ਹੜ੍ਹ ਪੀੜਤਾਂ ਦੇ ਮੁੜ ਵਸੇਵੇਂ ਦੇ ਕੰਮਾਂ ਵਿਚ ਮੁਸਲਿਮ ਭਾਈਚਾਰਾ ਆਖਿਰ ਤੱਕ ਆਪਣੇ ਦੂਜੇ ਧਰਮਾਂ ਦੇ ਭਰਾਵਾਂ ਦੇ ਨਾਲ ਮਿਹਨਤ ਕਰਦਾ ਰਹੇਗਾ |