ਲੁਧਿਆਣਾ, 1 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਸਦਰ ਦੀ ਪੁਲਿਸ ਨੇ ਲੱਖਾਂ ਰੁਪਏ ਦੀ ਧੋਖਾਧੜੀ ਕਰਨ ਦੇ ਮਾਮਲੇ ਵਿਚ ਬੈਂਕ ਮੈਨੇਜਰ ਅਤੇ ਉਸ ਦੇ ਸਾਥੀ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ¢ ਪੁਲਿਸ ਵਲੋਂ ਇਹ ਕਾਰਵਾਈ ਈਸ਼ਰ ਨਗਰ ਦੀ ਰਹਿਣ ਵਾਲੀ ਅਨੀਤਾ ਰਾਣੀ ਦੀ ਸ਼ਿਕਾਇਤ 'ਤੇ ਅਮਲ ਵਿਚ ਲਿਆਂਦੀ ਹੈ ਤੇ ਇਸ ਸੰਬੰਧੀ ਐਚ.ਡੀ.ਐਫ.ਸੀ. ਗਿੱਲ ਬਰਾਂਚ ਦੇ ਮੈਨੇਜਰ ਪ੍ਰਭਜੀਤ ਸਿੰਘ ਅਤੇ ਮੁਲਾਜ਼ਮ ਸਨੀਤ ਧੀਰ ਵਾਸੀ ਟੈਗੋਰ ਨਗਰ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸਨੇ ਬੈਂਕ ਵਿਚ ਸਾਢੇ 9 ਲੱਖ ਰੁਪਏ ਦੀਆਂ ਦੋ ਐਫਡੀਆਂ ਕਰਵਾਈਆਂ ਸੀ | ਉਸਨੇ ਐਫਡੀਆਂ ਤੁੜਵਾ ਕੇ ਬੈਂਕ ਮੈਨੇਜਰ ਨੂੰ ਉਸਦੇ ਖਾਤੇ ਵਿਚ ਰਕਮ ਤਬਦੀਲ ਕਰਨ ਬਾਰੇ ਕਿਹਾ | ਜਦੋਂ ਉਹ ਪੈਸੇ ਲੈਣ ਗਈ ਤਾਂ ਬੈਂਕ ਮੈਨੇਜਰ ਨੇ ਉਸ ਨੂੰ ਖਾਤੇ ਵਿਚੋਂ ਕੰਮ ਨਾ ਹੋਣ ਬਾਰੇ ਦੱਸਿਆ, ਜਿਸ 'ਤੇ ਸ਼ਿਕਾਇਤਕਰਤਾ ਵਲੋਂ ਇਹ ਸਾਰਾ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆਂਦਾ ਤਾਂ ਪੁਲਿਸ ਵਲੋਂ ਕਾਰਵਾਈ ਕਰਦਿਆਂ ਦਰਜ ਕਰ ਲਿਆ | ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਕਥਿਤ ਦੋਸ਼ੀਆਂ ਵਲੋਂ ਆਪਸ ਵਿਚ ਮਿਲੀ ਭੁਗਤ ਕਰਕੇ ਉਸ ਦੇ ਖਾਤੇ ਵਿਚੋਂ ਪੈਸੇ ਕਢਵਾਏ ਗਏ ਹਨ | ਪੁਲਿਸ ਵਲੋਂ ਹਾਲ ਦੀ ਘੜੀ ਇਸ ਮਾਮਲੇ ਵਿਚ ਕੋਈ ਵੀ ਗਿ੍ਫ਼ਤਾਰੀ ਨਹੀਂ ਕੀਤੀ ਗਈ ਹੈ, ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ¢