ਲੁਧਿਆਣਾ, 1 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਪ੍ਰਵਾਸੀ ਭਾਰਤੀ ਦੀ ਕਰੋੜਾਂ ਰੁਪਏ ਮੁੱਲ ਦੀ ਜਾਇਦਾਦ 'ਤੇ ਨਜਾਇਜ਼ ਕਬਜ਼ੇ ਦੀ ਕੋਸ਼ਿਸ਼ ਕਰਨ ਦੇ ਮਾਮਲੇ ਵਿਚ ਪੁਲਿਸ ਨੇ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਪ੍ਰਵਾਸੀ ਭਾਰਤੀ ਜਗਤਾਰ ਸਿੰਘ ਚੋਪੜਾ ਦੇ ਰਿਸ਼ਤੇਦਾਰ ਮਾਨਵ ਆਹੂਜਾ ਪੁੱਤਰ ਰਾਜੇਸ਼ ਵਾਸੀ ਹੈਬੋਵਾਲ ਦੀ ਸ਼ਿਕਾਇਤ 'ਤੇ ਅਮਲ ਵਿਚ ਲਿਆਂਦੀ ਹੈ ਤੇ ਇਸ ਸਬੰਧੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸਦੇ ਰਿਸ਼ਤੇਦਾਰ ਜਗਤਾਰ ਸਿੰਘ ਚੋਪੜਾ, ਜੋ ਕਿ ਇੰਗਲੈਂਡ ਵਿਚ ਰਹਿੰਦੇ ਹਨ, ਉਨ੍ਹਾਂ ਨੇ ਵਾਕਿਆ ਪਿੰਡ ਸੇਖੇਵਾਲ ਸਥਿਤ 5 ਹਜ਼ਾਰ ਵਰਗ ਗਜ਼ ਦੀ ਇਕ ਜਾਇਦਾਦ ਲਈ ਉਨ੍ਹਾਂ ਨੂੰ ਅਧਿਕਾਰਤ ਕੀਤਾ ਹੋਇਆ ਹੈ | ਉਸ ਦੱਸਿਆ ਕਿ ਬੀਤੇ ਦਿਨ ਜਦੋਂ ਉਹ ਜਾਇਦਾਦ 'ਤੇ ਗੇੜਾ ਮਾਰਨ ਗਿਆ ਤਾਂ ਕੁੱਝ ਵਿਅਕਤੀ ਵਲੋਂ ਉਥੇ ਨਾਜਾਇਜ਼ ਕਬਜ਼ੇ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਜਿਸ 'ਤੇ ਸ਼ਿਕਾਇਤਕਰਤਾ ਵਲੋਂ ਇਹ ਸਾਰਾ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆਂਦਾ | ਪੁਲਿਸ ਵਲੋਂ ਕਾਰਵਾਈ ਕਰਦਿਆਂ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ ਹੈ, ਪਰ ਹਾਲ ਦੀ ਘੜੀ ਇਸ ਮਾਮਲੇ ਵਿਚ ਕੋਈ ਗਿ੍ਫ਼ਤਾਰੀ ਨਹੀਂ ਕੀਤੀ ਗਈ ਹੈ | ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ |