ਲੁਧਿਆਣਾ, 2 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਵਿਜੀਲਸ ਬਿਊਰੋ ਵੱਲੋਂ ਰਿਸ਼ਵਤ ਖੋਰੀ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ਪਿਛਲੇ ਇੱਕ ਹਫਤੇ ਤੋਂ ਸ਼ੁਰੂ ਕੀਤੀ ਗਈ ਮੁਹਿੰਮ ਅੱਜ ਦੌੜ ਨਾਲ ਸਮਾਪਤ ਹੋ ਗਈ | ਵਿਜੀਲੈਂਸ ਬਿਊਰੋ ਵੱਲੋਂ ਕੀਤੇ ਇਸ ਸਮਾਗਮ ਵਿਚ ਭਾਰੀ ਗਿਣਤੀ ਵਿਚ ਲੋਕਾਂ ਨੇ ਹਿੱਸਾ ਲਿਆ ਅਤੇ ਇਸ ਤੋਂ ਇਲਾਵਾ ਕਈ ਸਵੈ ਸੇਵੀ ਜਥੇਬੰਦੀਆਂ ਦੇ ਮੈਂਬਰ ਵੀ ਇਸ ਵਿਚ ਸ਼ਾਮਿਲ ਹੋਏ | ਇਸ ਪਹਿਲਕਦਮੀ ਦਾ ਉਦੇਸ਼ ਪਾਰਦਰਸ਼ਤਾ, ਇਮਾਨਦਾਰੀ ਅਤੇ ਭਿ੍ਸ਼ਟਾਚਾਰ ਮੁਕਤ ਸਮਾਜ ਪ੍ਰਤੀ ਜਨਤਕ ਜਾਗਰੂਕਤਾ ਨੂੰ ਉਤਸ਼ਾਹਿਤ ਕਰਨਾ ਸੀ | ਦੌੜ ਵਿਚ ਕਈ ਗੈਰ-ਸਰਕਾਰੀ ਸੰਗਠਨਾਂ, ਨੌਜਵਾਨਾਂ ਅਤੇ ਸਮਾਜਿਕ ਸੰਗਠਨਾਂ ਨੇ ਹਿੱਸਾ ਲਿਆ, ਜੋ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਮਾਰਚ ਕੱਢ ਕੇ ਸਮਾਪਤੀ ਸਮਾਰੋਹ ਲਈ ਰੋਜ਼ ਗਾਰਡਨ ਵਿਖੇ ਇਕੱਠੇ ਹੋਏ | ਇਸ ਸਮਾਗਮ ਦੀ ਪ੍ਰਧਾਨਗੀ ਸ਼੍ਰੀਮਤੀ ਰੁਪਿੰਦਰ ਕੌਰ ਸਰਾਂ, ਐਸ.ਐਸ.ਪੀ ਵਿਜੀਲੈਂਸ ਨੇ ਕੀਤੀ, ਜਿਨ੍ਹਾਂ ਨੇ ਇਕੱਠ ਨੂੰ ਸੰਬੋਧਨ ਕੀਤਾ ਅਤੇ ਭਿ੍ਸ਼ਟਾਚਾਰ ਵਿਰੁੱਧ ਲੜਨ ਵਿੱਚ ਨਾਗਰਿਕਾਂ ਅਤੇ ਸੰਸਥਾਵਾਂ ਦੀ ਸਾਂਝੀ ਜ਼ਿੰਮੇਵਾਰੀ 'ਤੇ ਜ਼ੋਰ ਦਿੱਤਾ | ਲੋਕਾਂ ਨੂੰ ਰਿਸ਼ਵਤ ਖੋਰੀ ਖਿਲਾਫ ਵਿਜੀਲੈਂਸ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ਵਿਚ ਸਾਥ ਦੇਣ ਦੀ ਅਪੀਲ ਵੀ ਕੀਤੀ | ਚੌਕਸੀ ਸਿਰਫ਼ ਸਜ਼ਾ ਦੇਣ ਬਾਰੇ ਨਹੀਂ ਹੈ, ਸਗੋਂ ਰੋਕਥਾਮ ਬਾਰੇ ਵੀ ਹੈ | ਹਰੇਕ ਨਾਗਰਿਕ ਨੂੰ ਭਿ੍ਸ਼ਟ ਗਤੀਵਿਧੀਆਂ ਵਿਰੁੱਧ ਖੜ੍ਹਾ ਹੋਣਾ ਚਾਹੀਦਾ ਹੈ ਅਤੇ ਬਿਨ੍ਹਾਂ ਕਿਸੇ ਡਰ ਦੇ ਉਨ੍ਹਾਂ ਦੀ ਰਿਪੋਰਟ ਕਰਨੀ ਚਾਹੀਦੀ ਹੈ | ਉਨ੍ਹਾਂ ਮੁੱਖ ਮੰਤਰੀ ਦੀ ਭਿ੍ਸ਼ਟਾਚਾਰ ਵਿਰੁੱਧ ਜ਼ੀਰੋ ਟੌਲਰੈਂਸ ਨੀਤੀ ਨੂੰ ਦੁਹਰਾਇਆ | ਐਸਐਸਪੀ ਨੇ ਕਿਹਾ ਕਿ ਭਿ੍ਸ਼ਟਾਚਾਰ ਤਰੱਕੀ ਵਿਚ ਰੁਕਾਵਟ ਹੈ ਅਤੇ ਸਭ ਨੂੰ ਮਿਲ ਕੇ ਇਸ ਲੜਾਈ ਵਿੱਚ ਸਾਥ ਦੇਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਲੋਕਾਂ ਨੂੰ ਰਿਸ਼ਵਤ ਲਈ ਤੰਗ ਪ੍ਰੇਸ਼ਾਨ ਕਰਨ ਵਾਲੇ ਅਧਿਕਾਰੀਆਂ ਨੂੰ ਵੀ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ |