• ਇਲਾਕਾ ਨਿਵਾਸੀਆਂ 'ਚ ਭਾਰੀ ਰੋਸ • ਇਲਾਕਾ ਵਿਧਾਇਕ ਵੀ ਬੇਵੱਸ
ਲੁਧਿਆਣਾ, 23 ਨਵੰਬਰ (ਭੁਪਿੰਦਰ ਸਿੰਘ ਬੈਂਸ)-ਸ਼ਹਿਰ ਦੇ ਮਾਡਲ ਟਾਊਨ ਬੀ ਬਲਾਕ ਵਿਚ ਰਿਹਾਇਸ਼ੀ ਇਲਾਕੇ ਦੇ ਵਿਚਕਾਰ ਹੀ ਗੈਰ ਕਾਨੰੂਨੀ ਤਰੀਕੇ ਨਾਲ ਚੱਲ ਰਹੀਆਂ ਤਿੰਨ ਦੁਕਾਨਾਂ ਨੇ ਨਗਰ ਨਿਗਮ ਦੀ ਕਾਰਗੁਜਾਰੀ ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ | ਇਲਾਕਾ ਨਿਵਾਸੀਆਂ ਦੀਆਂ ਲਗਾਤਾਰ ਸ਼ਿਕਾਇਤਾਂ ਤੇ ਨਿਗਮ ਵਲੋਂ ਇਨ੍ਹਾਂ ਦੁਕਾਨਾਂ ਨੰੂ ਸੀਲ ਤਾਂ ਕਰ ਦਿੱਤਾ ਗਿਆ ਸੀ, ਪਰ ਦੁਕਾਨਦਾਰਾਂ ਨੇ ਸੀਲਾਂ ਤੋੜਕੇ ਮੁੜ ਕਾਰੋਬਾਰ ਸ਼ੁਰੂ ਕਰ ਦਿੱਤਾ ਹੈ | ਨਿਗਮ ਵਲੋਂ ਇਸਤੋਂ ਬਾਅਦ ਵੀ ਕੋਈ ਕਾਰਵਾਈ ਨਾ ਕਰਨ ਕਰਕੇ ਇਲਾਕਾ ਨਿਵਾਸੀਆਂ ਦੇ ਗੁੱਸੇ ਨੰੂ ਹੋਰ ਤੇਜ਼ ਕਰ ਦਿੱਤਾ ਹੈ | ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਨਿਗਮ ਪ੍ਰਸ਼ਾਸਨ ਜਾਣ ਬੁੱਝ ਕੇ ਕਾਰਵਾਈ ਨਹੀਂ ਕਰ ਰਿਹਾ ਅਤੇ ਉਚ ਅਧਿਕਾਰੀਆਂ ਦੀ ਛਤਰਛਾਇਆ ਕਾਰਨ ਇਹ ਗੈਰ ਕਾਨੂੰਨੀ ਦੁਕਾਨਾਂ ਬੇਧੜਕ ਚਲ ਰਹੀਆਂ ਹਨ | ਇਲਾਕਾ ਨਿਵਾਸੀਆਂ ਵਲੋਂ ਏਟੀਪੀ ਤੇ ਹੋਰ ਉਚ ਅਧਿਕਾਰੀਆਂ ਤੇ ਦੁਕਾਨਦਾਰਾਂ ਨਾਲ ਕਥਿਤ ਮਿਲੀਭੁਗਤ ਦੇ ਦੋਸ਼ ਵੀ ਲਗਾਏ ਗਏ ਹਨ | ਇਲਾਕਾ ਵਾਸੀਆਂ ਦੇ ਅਨੁਸਾਰ ਇਹ ਦੁਕਾਨਾਂ ਰਿਹਾਇਸ਼ੀ ਇਲਾਕੇ ਦੀ ਸ਼ਾਂਤੀ ਤੇ ਸੁਰੱਖਿਆ ਲਈ ਵੱਡਾ ਖਤਰਾ ਬਣ ਚੁੱਕੀਆਂ ਹਨ | ਰੋਜ਼ਾਨਾ ਹੋ ਰਹੀ ਆਵਾਜਾਈ, ਭੀੜ ਤੇ ਸ਼ਰਾਰਤੀ ਤੱਤਾਂ ਦੀ ਆਵਾਜਾਈ ਕਾਰਨ ਇਥੇ ਰਹਿ ਰਹੇ ਪਰਿਵਾਰ ਖੁਦ ਨੰੂ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ | ਇਲਾਕਾ ਨਿਵਾਸੀਆਂ ਵਲੋਂ ਇਹ ਮਾਮਲਾ ਵਿਧਾਇਕ ਦੇ ਧਿਆਨ ਵਿਚ ਵੀ ਲਿਆਂਦਾ, ਪਰ ਕਾਰਵਾਈ ਨਾ ਹੋਣ ਤੇ ਲੋਕਾਂ ਵਿਰੁੱਧ ਵੀ ਨਾਰਾਜਗੀ ਵੱਧ ਰਹੀ ਹੈ | ਲੋਕਾਂ ਦਾ ਸਾਫ ਕਹਿਣਾ ਹੈ ਕਿ ਜੇਕਰ ਨਿਗਮ ਇਕ ਵਾਰ ਸੀਲ ਕੀਤੀਆਂ ਦੁਕਾਨਾਂ ਖਿਲਾਫ ਪ੍ਰਭਾਵਸ਼ਾਲੀ ਕਾਰਵਾਈ ਨਹੀ ਕਰ ਸਕਦਾ ਤਾਂ ਫਿਰ ਗੈਰ ਕਾਨੰੂਨੀ ਨਿਰਮਾਣ ਤੇ ਕਿਵੇ ਕਾਬੂ ਪਾਇਆ ਜਾਵੇਗਾ | ਇਸ ਪੂਰੇ ਮਾਮਲੇ ਨੇ ਨਿਗਮ ਦੀ ਕਾਰਵਾਈ, ਨਿਸ਼ਪੱਖਤਾ ਤੇ ਯੋਗਤਾ ਦੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ | ਜਦਕਿ ਇਲਾਕਾ ਨਿਵਾਸੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਜਲਦੀ ਕਾਰਵਾਈ ਨਾ ਹੋਈ ਤਾ ਉਹ ਵੱਡੇ ਪੱਧਰ ਤੇ ਰੋਸ ਪ੍ਰਦਰਸ਼ਨ ਕਰਨਗੇ |
ਮਾਡਲ ਟਾਊਨ ਬੀ-ਬਲਾਕ 'ਚ ਸੀਲਾਂ ਤੋੜ ਕੇ ਦੁਕਾਨਾਂ ਮੁੜ ਖੁੱੱਲ੍ਹੀਆਂ, ਨਿਗਮ ਦੀ ਚੱੁਪ 'ਤੇ ਸਵਾਲ
ਅਜੀਤ ਡੈਸਕ
24-11-2025